ਚੰਡੀਗੜ੍ਹ – ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਭਵਨ ਵਿਚ ਹੋ ਰਹੀ ਮੀਟਿੰਗ ਹੁਣ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਅਤੇ ਐੱਸ. ਕੇ. ਐੱਮ. ਦੇ ਆਗੂਆਂ ਵਿਚਾਲੇ ਕਰੀਬ 2 ਘੰਟੇ ਮੀਟਿੰਗ ਚੱਲੀ ਪਰ ਮੀਟਿੰਗ ਦੌਰਾਨ ਕੋਈ ਵੀ ਸਹਿਮਤੀ ਨਹੀਂ ਬਣ ਸਕੀ। ਮੀਟਿੰਗ ਮਗਰੋਂ ਕਿਸਾਨ ਆਗੂਆਂ ਨੇ 5 ਮਾਰਚ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ 5 ਮਾਰਚ ਨੂੰ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਾਇਆ ਜਾਵੇਗਾ।
ਇਥੇ ਦੱਸਣਯੋਗ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ‘ਚ ਪੱਕਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ ਮੀਟਿੰਗ ਸੱਦੀ ਸੀ। ਮੀਟਿੰਗ ਦੌਰਾਨ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਧਾਲੀਵਾਲ, ਗ੍ਰਹਿ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਕਈ ਮੰਗਾਂ ‘ਤੇ ਚਰਚਾ ਕੀਤੀ ਗਈ ਹੈ।
ਉਥੇ ਹੀ ਜੁਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 5 ਮਾਰਚ ਦਾ ਜੋ ਪ੍ਰੋਗਰਾਮ ਉਲੀਕਿਆ ਹੋਇਆ ਹੈ, ਉਹ ਅਸੀਂ ਕਰਾਂਗੇ ਅਤੇ 5 ਮਾਰਚ ਨੂੰ ਅਸੀਂ ਧਰਨਾ ਦੇਵਾਂਗੇ। ਸਿਰਫ਼ ਇਕ ਝੋਨੇ ਦੀ ਲਵਾਈ ‘ਤੇ ਵੀ ਸਹਿਮਤੀ ਬਣੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੀਡੀਆ ਸਾਹਮਣੇ ਦੱਸਿਆ ਕਿ ਮੁੱਖ ਮੰਤਰੀ ਨੂੰ ਕਿਸੇ ਗੱਲ ਉੱਤੇ ਗ਼ੁੱਸਾ ਆ ਗਿਆ ਅਤੇ ਧਰਨੇ ਦੀ ਗੱਲ ‘ਤੇ ਕਿਹਾ ਕਿ ਜੋ ਕਰਨਾ ਕਰ ਲਵੋ।
ਉਥੇ ਹੀ ਉਨ੍ਹਾਂ ਕਿਹਾ ਕਿ ਜਿਹੜੀ ਮੰਗਾਂ ‘ਤੇ ਸਹਿਮਤੀ ਬਣੀ ਸੀ, ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਹੀ ਛੱਡ ਕੇ ਚਲੇ ਗਏ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਗਿਆ ਤੁਸੀਂ ਧਰਨੇ, ਮੋਰਚੇ ਨਹੀਂ ਲਗਾਉਣੇ ਹਨ, ਇਸ ਤੋਂ ਬਾਅਦ ਕਿਸਾਨਾਂ ਨਾਲ ਕਿਸੇ ਗੱਲ ‘ਤੇ ਬਹਿਸ ਹੋ ਗਈ ਅਤੇ ਜਿਸ ਕਰਕੇ ਮੀਟਿੰਗ ਦੌਰਾਨ ਸਰਕਾਰ ਨਾਲ ਕੋਈ ਸਹਿਮਤੀ ਨਹੀਂ ਬਣ ਸਕੀ।