ਦੇਹਰਾਦੂਨ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਐਤਵਾਰ ਸਵੇਰ ਤੋਂ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਮੁਸ਼ਕਲ ਸਥਿਤੀ ਪੈਦਾ ਹੋ ਗਈ। ਸਵੇਰੇ ਤੜਕੇ ਹੈਲੀਕਾਪਟਰ ਹਾਦਸੇ ਤੋਂ ਬਾਅਦ, ਭੀਮਬਲੀ ਖੇਤਰ ‘ਚ ਭਾਰੀ ਮੀਂਹ ਕਾਰਨ ਨਦੀ ‘ਚ ਪਾਣੀ ਦੇ ਵਹਾਅ ਜ਼ਿਆਦਾ ਹੋ ਗਿਆ। ਜਿਸ ਕਾਰਨ, ਪੈਦਲ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ। ਇਸ ਵਿਚਲ ਜੰਗਲਚੱਟੀ ‘ਚ ਜ਼ਮੀਨ ਖਿਸਕਣ ਕਾਰਨ ਮਲਬੇ ਦੀ ਲਪੇਟ ‘ਚ ਆਉਣ ਨਾਲ ਇਕ ਖੱਚਰ ਮਾਲਕ ਦੀ ਮੌਤ ਹੋ ਗਈ। ਉੱਥੇ ਹੀ ਚਾਰ ਹੋਰ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਇੰਚਾਰਜ ਨੰਦਨ ਸਿੰਘ ਰਜਵਾਰ ਨੇ ਐਤਵਾਰ ਸ਼ਾਮ ਦੱਸਿਆ ਕਿ ਗੌਰੀਕੁੰਡ ਵੱਲ ਪੈਦਲ ਯਾਤਰਾ ਮਾਰਗ ‘ਤੇ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਵੱਡੀ ਮਾਤਰਾ ‘ਚ ਮਲਬਾ ਸੜਕ ‘ਤੇ ਆ ਗਿਆ। ਜਿਸ ਦੀ ਲਪੇਟ ‘ਚ ਆਉਣ ਨਾਲ ਨੇਪਾਲ ਦੇ ਰਹਿਣ ਵਾਲੇ ਇਕ ਖੱਚਰ ਮਾਲਕ ਮਹੇਂਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉਸ ਨੂੰ ਮਲਬੇ ‘ਚੋਂ ਕੱਢ ਕੇ ਗੌਰੀਕੁੰਡ ਹਸਪਤਾਲ ਭੇਜਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਚਾਰ ਹੋਰ ਵਿਅਕਤੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਵੀ ਗੌਰੀਕੁੰਡ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜੰਗਲੀਚੱਟੀ ਖੇਤਰ ਦੀ ਇਕ ਨਦੀ ‘ਚ ਵੀ ਇਸੇ ਤਰ੍ਹਾਂ ਜ਼ਿਆਦਾ ਪਾਣੀ ਆਉਣ ਕਾਰਨ ਯਾਤਰੀਆਂ ਨੂੰ ਪੁਲ ਪਾਰ ਕਰਨ ਤੋਂ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਨਦੀ ਦੇ ਨੇੜੇ ਸਥਿਤ ਤਿੰਨ ਦੁਕਾਨਾਂ ਨੂੰ ਵੀ ਤੁਰੰਤ ਖ਼ਾਲੀ ਕਰਵਾ ਕੇ ਉੱਥੇ ਹਟਾ ਦਿੱਤਾ ਗਿਆ ਹੈ। ਸ਼੍ਰੀ ਰਜਵਾਰ ਨੇ ਦੱਸਿਆ ਕਿ ਭੀਮਬਲੀ ਖੇਤਰ ਦੀ ਇਕ ਨਦੀ ‘ਚ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਯਾਤਰੀਆਂ ਨੂੰ ਉਸ ਦੇ ਨੇੜੇ ਪੈਦਲ ਰਸਤੇ ‘ਤੇ ਤੁਰਨਾ ਕਠਿਨ ਹੋ ਗਿਆ। ਇਸ ਸਥਿਤੀ ‘ਚ ਡੀਡੀਆਰਐੱਫ ਅਤੇ ਵਾਈਐੱਮਐੱਫ ਦੀ ਟੀਮ ਵਲੋਂ ਯਾਤਰੀਆਂ ਨੂੰ ਸੁਰੱਖਿਅਤ ਕਰਦੇ ਹੋਏ, ਨਦੀ ਤੋਂ ਦੂਰ ਹਟਾਇਆ ਗਿਆ ਅਤੇ ਆਮ ਸਥਿਤੀ ਹੋਣ ‘ਤੇ ਯਾਤਰੀਆਂ ਨੂੰ ਜਾਣ ਦਿੱਤਾ ਗਿਆ।