ਜਲੰਧਰ ਪਲਾਈਵੁੱਡ ਦੇ ਕਾਰੋਬਾਰ ਵਿਚ ਇਕ ਵੱਕਾਰੀ ਤਿਵਾੜੀ ਘਰਾਣੇ ਦੀ ਛੋਟੀ ਨੂੰਹ ਸੋਨਮ ਤਿਵਾੜੀ ਸ਼ਨੀਵਾਰ ਰਾਤ ਤੋਂ ਬਿਆਸ ਦਰਿਆ ਦੇ ਪੁਲ ਤੋਂ ਲਾਪਤਾ ਹੈ। ਸੋਨਮ ਤਿਵਾੜੀ ਪਰਿਵਾਰ ਦੇ ਮੁਖੀ ਨਰੇਸ਼ ਤਿਵਾੜੀ ਦੀ ਨੂੰਹ ਅਤੇ ਮਨਦੀਪ (ਮਿੱਕੀ) ਤਿਵਾੜੀ ਦੀ ਪਤਨੀ ਹੈ। ਉਹ ਸ਼ਨੀਵਾਰ ਰਾਤੀਂ ਲਗਭਗ 9.30 ਵਜੇ ਬਿਆਸ ਦਰਿਆ ਦੇ ਪੁਲ ਤੋਂ ਅਚਾਨਕ ਲਾਪਤਾ ਹੋ ਗਈ।
ਪਰਿਵਾਰਕ ਸੂਤਰਾਂ ਅਨੁਸਾਰ ਸੋਨਮ ਤਿਵਾੜੀ ਪਿਛਲੇ ਕੁਝ ਸਮੇਂ ਤੋਂ ਦਿਮਾਗ ਵਿਚ ਬਣ ਰਹੀ ਸਿਸਟ (ਗੰਢ) ਕਾਰਨ ਮਾਨਸਿਕ ਤਣਾਅ ਵਿਚ ਸੀ। ਸ਼ਨੀਵਾਰ ਸ਼ਾਮ ਨੂੰ ਉਸ ਨੇ ਕੈਨੇਡਾ ਤੋਂ ਆਈ ਇਕ ਸਹੇਲੀ ਨਾਲ ਬਾਹਰ ਜਾਣ ਦੀ ਯੋਜਨਾ ਬਣਾਈ ਅਤੇ ਬਹਾਨਾ ਬਣਾ ਕੇ ਉਸ ਨੂੰ ਕਾਰ ਰਾਹੀਂ ਬਿਆਸ ਦਰਿਆ ’ਤੇ ਲੈ ਗਈ। ਪੁਲ ਪਾਰ ਕਰਨ ਤੋਂ ਬਾਅਦ ਉਸ ਨੇ ਕਾਰ ਰੁਕਵਾਈ, ਸਹੇਲੀ ਨੂੰ ਕਾਰ ਵਿਚ ਬੈਠਣ ਲਈ ਕਿਹਾ ਅਤੇ ਖ਼ੁਦ ਪਿੱਛੇ ਮੁੜ ਕੇ ਪੁਲ ਵੱਲ ਚਲੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੋਨਮ ਤਿਵਾੜੀ ਨੇ ਪੁਲ ’ਤੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ ਅਤੇ ਆਪਣੇ ਪਤੀ ਅਤੇ ਬੱਚਿਆਂ ਨੂੰ ‘ਆਈ ਲਵ ਯੂ’ਦਾ ਮੈਸੇਜ ਭੇਜਿਆ। ਜਦੋਂ ਉਹ ਕਾਫ਼ੀ ਸਮੇਂ ਤੱਕ ਵਾਪਸ ਨਾ ਮੁੜੀ ਤਾਂ ਉਸ ਦੀ ਸਹੇਲੀ ਨੇ ਜਲੰਧਰ ਵਿਚ ਪਰਿਵਾਰ ਨੂੰ ਸੂਚਿਤ ਕੀਤਾ। ਐਤਵਾਰ ਪੂਰਾ ਦਿਨ ਹਰੀਕੇ ਪੱਤਣ ਅਤੇ ਬਿਆਸ ਦਰਿਆ ਦੇ ਆਲੇ-ਦੁਆਲੇ ਗੋਤਾਖੋਰਾਂ ਅਤੇ ਵਿਸ਼ੇਸ਼ ਖੋਜੀ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਸੋਨਮ ਤਿਵਾੜੀ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸ਼ਹਿਰ ਦੇ ਕਈ ਸਿਆਸੀ, ਸਮਾਜਿਕ, ਉਦਯੋਗਿਕ ਅਤੇ ਧਾਰਮਿਕ ਪ੍ਰਤੀਨਿਧੀ ਤਿਵਾੜੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਵਸੰਤ ਵਿਹਾਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਪੂਰੇ ਸ਼ਹਿਰ ਵਿਚ ਇਸ ਘਟਨਾ ਬਾਰੇ ਡੂੰਘੀ ਚਿੰਤਾ ਅਤੇ ਚਰਚਾ ਦਾ ਮਾਹੌਲ ਹੈ। ਤਲਾਸ਼ੀ ਮੁਹਿੰਮ ਜਾਰੀ ਹੈ। ਪ੍ਰਸ਼ਾਸਨ ਅਤੇ ਪਰਿਵਾਰ ਅਜੇ ਵੀ ਕਿਸੇ ਚਮਤਕਾਰ ਦੀ ਉਮੀਦ ਹੈ।