ਨੈਸ਼ਨਲ: ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਟੇ ਨੇ ਆਪਣੇ ਪਿਤਾ ਦੀ ਮੌਤ ‘ਤੇ ਸ਼ਮਸ਼ਾਨਘਾਟ ‘ਤੇ ਡਾਂਸ ਕੀਤਾ ਅਤੇ ਬੈਂਡ-ਵਾਜੇ ਨਾਲ ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਪੁੱਤਰ ਵਲੋਂ ਕੀਤਾ ਗਿਆ ਇਹ ਹੈਰਾਨੀਜਨਕ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।ਦੱਸ ਦੇਈਏ ਕਿ ਸੁਲਤਾਨਪੁਰ ਦੇ ਨਗਰ ਕੋਤਵਾਲੀ ਇਲਾਕੇ ਦੇ ਨਰਾਇਣਪੁਰ ਵਾਰਡ ‘ਚ ਸ਼੍ਰੀਰਾਮ ਨਾਂ ਦੇ ਇਕ ਵਿਅਕਤੀ ਨੇ 80 ਸਾਲ ਦੀ ਉਮਰ ‘ਚ ਮੌਤ ਤੋਂ ਬਾਅਦ ਆਪਣੇ ਪਿਤਾ ਰਾਮਕਿਸ਼ੋਰ ਮਿਸ਼ਰਾ ਦਾ ਅੰਤਿਮ ਸੰਸਕਾਰ ਅਨੋਖੇ ਤਰੀਕੇ ਨਾਲ ਕੀਤਾ। ਆਮ ਤੌਰ ‘ਤੇ ਮੌਤ ਦੇ ਸਮੇਂ ਘਰ ‘ਚ ਸੋਗ ਦਾ ਮਾਹੌਲ ਹੁੰਦਾ ਹੈ ਪਰ ਸ਼੍ਰੀ ਰਾਮ ਨੇ ਬੈਂਡ ਅਤੇ ਢੋਲ ਵਜਾ ਕੇ ਜ਼ਸ਼ਨ ਮਨਾਇਆ। ਸ਼ਮਸ਼ਾਨਘਾਟ ਦੀ ਅੰਤਿਮ ਯਾਤਰਾ ਦੌਰਾਨ ਸ਼੍ਰੀ ਰਾਮ ਅਤੇ ਉਨ੍ਹਾਂ ਦੇ ਦੋਸਤ ਨੱਚਦੇ ਅਤੇ ਗਾਉਂਦੇ ਹੋਏ ਸ਼ਮਸ਼ਾਨਘਾਟ ਪਹੁੰਚੇ, ਜਿੱਥੇ ਉਨ੍ਹਾਂ ਨੇ ਢੋਲ ਦੀ ਧਾਪ ‘ਤੇ ਨੋਟਾਂ ਦੇ ਗਠੜੀ ਉਡਾਈ।
ਇੰਨਾ ਹੀ ਨਹੀਂ, ਸ਼੍ਰੀ ਰਾਮ ਨੇ ਤੇਰ੍ਹਵੀਂ ਵਾਲੇ ਦਿਨ ਵੀ ਸੋਗ ਦੀ ਥਾਂ ਜ਼ਸ਼ਨ ਮਨਾਇਆ। ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਲਈ ਵਿਸ਼ੇਸ਼ ਦਾਵਤ ਦਾ ਆਯੋਜਨ ਕੀਤਾ। ਜਦੋਂ ਸ਼੍ਰੀ ਰਾਮ ਤੋਂ ਇਸ ਸਬੰਧ ਵਿਚ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਤਾਂ ਉਨ੍ਹਾਂ ਕਿਹਾ, ”ਅੰਤਿਮ ਵਿਦਾਈ ਰੌਂਦੇ ਹੋਏ ਨਹੀਂ, ਸਗੋਂ ਨੱਚਦੇ-ਗਾਉਂਦੇ ਹੋਏ ਕਰਨੀ ਚਾਹੀਦੀ ਹੈ। ਰੋਣ ਨਾਲ ਰੂਹ ਦੁੱਖੀ ਹੁੰਦੀ ਹੈ ਅਤੇ ਇਹ ਜੀਵਨ ਦਾ ਜਸ਼ਨ ਹੈ, ਜਿਸ ਨੂੰ ਇਸ ਤਰ੍ਹਾਂ ਮਨਾਉਣਾ ਚਾਹੀਦਾ ਹੈ।” ਇਹ ਘਟਨਾ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਲੋਕ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।