Sunday, July 20, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬਾਨ ਦੀ ਸਤਾਬਦੀ...

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮੁੱਚੀ ਲੋਕਾਈ ਨੂੰ ਗੁਰੂ ਸਾਹਿਬਾਨ ਦੀ ਸਤਾਬਦੀ ਸਮਾਗਮਾਂ ’ਚ ਸ਼ਾਮਲ ਹੋਣ ਦਾ ਦਿੱਤਾ ਸੱਦਾ

 

ਚੰਡੀਗੜ੍ਹ, 13 ਜੂਨ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਪੰਜਾਬ ਸਰਕਾਰ ਦੁਆਰਾ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਨੂੰ ਰਾਜਨੀਤਿਕ ਚਸ਼ਮੇ ਨਾਲ ਨਾ ਦੇਖਣ ਦੀ ਅਪੀਲ ਕੀਤੀ ਹੈ। ਸੰਧਵਾਂ ਨੇ ਕਿਹਾ ਕਿ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350ਵੇਂ ਸ਼ਹੀਦੀ ਦਿਵਸ ਅਤੇ ਅੰਮ੍ਰਿਤਸਰ ਦਾ 450 ਸਥਾਪਨਾਂ ਦਿਵਸ ਦੇ ਸਬੰਧ ਵਿਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਦਾ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਸਵਾਗਤ ਕਰਨਾ ਚਾਹੀਦਾ ਸੀ, ਪਰ ਉਹ ਇਕ ਪਾਰਟੀ ਦਾ ਆਗੂ ਬਣਕੇ ਟਿੱਪਣੀਆਂ ਕਰ ਰਹੇ ਹਨ। ਸੰਧਵਾਂ ਨੇ ਦੁਹਰਾਇਆ ਕਿ ਸਰਕਾਰ ਦੁਆਰਾ ਕੀਤੇ ਜਾ ਰਹੇ ਸਮਾਗਮ ਸਿਆਸੀ ਨਹੀਂ ਹਨ ਬਲਕਿ ਦੁਨੀਆਂ ’ਚ ਵਸਦੇ ਲੋਕਾਂ ਨੂੰ ਸਿੱਖ ਧਰਮ ਦੀ ਵਿਲੱਖਣ ਵਿਰਾਸਤ ਤੋਂ ਜਾਣੂ ਕਰਵਾਉਣ ਬਾਰੇ ਹਨ।

ਸੰਧਵਾਂ ਨੇ ਕਿਹਾ “ਸਿੱਖ ਇਤਿਹਾਸ ਗੁਰੂ ਸਾਹਿਬਾਨ ਦੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਬਚਾਉਣ ਲਈ ਆਪਣਾ ਬਲੀਦਾਨ ਦਿੱਤਾ ਹੈ। ਗੁਰੂ ਸਾਹਿਬਾਨ ਦੀ ਵਿਰਾਸਤ ਨੂੰ ਸ਼ਾਂਭਣਾ ਅਤੇ ਸਿੱਖ ਇਤਿਹਾਸ ਦੁਨੀਆ ਨਾਲ ਸਾਂਝਾ ਕਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਵਿਲੱਖਣ ਸ਼ਹਾਦਤ ਦਾ ਹਵਾਲਾ ਦਿੰਦੇ ਹੋਏ, ਸੰਧਵਾਂ ਨੇ ਕਿਹਾ ਕਿ ਅਜਿਹੇ ਇਤਿਹਾਸਕ ਸਮਾਗਮ ਬਿਨਾਂ ਕਿਸੀ ਭੇਦਭਾਵ ਤੋਂ ਵਿਸ਼ਵ ਵਿਚ ਸਦਭਾਵਨਾ ਤੇ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ। ਸੰਧਵਾਂ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਂਈ ਮੀਆਂ ਮੀਰ ਨੇ ਰੱਖੀ ਸੀ। ਧਾਰਮਿਕ ਅਤੇ ਇਤਿਹਾਸਕ ਤੌਰ ’ਤੇ ਅੰਮ੍ਰਿਤਸਰ ਸ਼ਹਿਰ ਦੀ ਵੱਡੀ ਮਹੱਤਤਾ ਹੈ।

ਸ਼ਤਾਬਦੀਆਂ ਮਨਾਉਣ ਵਿੱਚ ਸਰਕਾਰ ਦੀ ਸ਼ਮੂਲੀਅਤ ‘ਤੇ ਭਾਈ ਧਾਮੀ ਦੀਆਂ ਚਿੰਤਾਵਾਂ ਦੇ ਜਵਾਬ ਵਿੱਚ, ਸੰਧਵਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਪਿਛਲੀਆਂ ਸਰਕਾਰਾਂ ਨੇ ਵੀ ਸ਼ਤਾਬਦੀ ਸਮਾਗਮ ਆਯੋਜਿਤ ਕੀਤੇ ਸਨ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ‘300 ਸਾਲਾ’ ਪ੍ਰਕਾਸ਼ ਪੂਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਸੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਸੰਬੋਧਨ ਕਰਦਿਆਂ ਸੰਧਵਾਂ ਨੇ ਟਿੱਪਣੀ ਕੀਤੀ, “ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋ, ਜੋ ਕਿ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੈ, ਤੁਹਾਨੂੰ ਕਿਸੇ ਖ਼ਾਸ ਪਾਰਟੀ ਦੇ ਨੇਤਾ ਨਹੀਂ ਬਣਨਾ ਚਾਹੀਦਾ। ਤੁਹਾਡੀ ਡਿਊਟੀ ਸਿੱਖ ਧਰਮ ਦਾ ਪ੍ਰਸਾਰ ਕਰਨਾ ਅਤੇ ਵਿਰਾਸਤ ਨੂੰ ਕਾਇਮ ਰੱਖਣਾ ਹੈ, ਵੰਡ ਪਾਉਣਾ ਨਹੀਂ ਹੈ।”

ਸਪੀਕਰ ਨੇ ਪੰਜਾਬ ਸਰਕਾਰ ਵਲੋਂ ਸਿੱਖ ਸੰਗਤ, ਜਿਸ ਵਿੱਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੈ, ਤੋਂ ਸੁਝਾਅ ਮੰਗਣ ਨੂੰ ਦੂਰ ਅੰਦੇਸ਼ੀ ਫੈਸਲਾ ਦੱਸਦੇ ਹੋਏ ਇਸਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਇਤਰਾਜ਼ ਉਠਾਉਣ ਦੀ ਬਜਾਏ ਉਸਾਰੂ ਸੁਝਾਅ ਦੇਣ ਦੀ ਅਪੀਲ ਕੀਤੀ।

ਸੰਧਵਾਂ ਨੇ ਸਿੱਖ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਵਚਨਬੱਧਤਾ ਕਾਇਮ ਰੱਖਣ ਦੀ ਗੱਲ ਕਹੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਪਾਸਿਆਂ ਤੋਂ ਉਸਾਰੂ ਯਤਨ ਇਹ ਯਕੀਨੀ ਬਣਾਉਣਗੇ ਕਿ ਸ਼ਤਾਬਦੀਆਂ ਧਾਰਮਿਕ ਮਰਿਆਦਾ ਨਾਲ ਗੁਰੂ ਸਾਹਿਬ ਦੇ ਸਨਮਾਨ ਲਈ ਮਨਾਈਆਂ ਜਾਣ ਅਤੇ ਸਿੱਖ ਧਰਮ ਦਾ ਸੰਦੇਸ਼ ਵਿਸ਼ਵ ਵਿਚ ਪਹੁੰਚਾਇਆ ਜਾਵੇ।

ਸੰਧਵਾਂ ਨੇ ਕਿਹਾ “ਇਹ ਸਮਾਗਮ ਰਾਜਨੀਤਿਕ ਨਹੀਂ ਸਗੋ ਸਿੱਖ ਧਰਮ ਅਤੇ ਇਸ ਦੀ ਸ਼ਾਨਦਾਰ ਵਿਰਾਸਤ ਬਾਰੇ ਹੈ, ਜੋ ਕਿ ਸਾਰੀ ਮਨੁੱਖਤਾ ਨਾਲ ਸਬੰਧਿਤ ਹੈ। ਆਓ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਇਕੱਠੇ ਹੋ ਕੇ ਕੰਮ ਕਰੀਏ।”