ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ‘ਚ ਸੋਮਵਾਰ ਸਵੇਰ ਤੋਂ ਹੀ ਸਾਉਣ ਦੀ ਝੜੀ ਲੱਗੀ ਹੋਈ ਹੈ। ਪੂਰੇ ਸ਼ਹਿਰ ‘ਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਸੁਖ਼ਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਇਕ ਫੁੱਟ ਹੇਠਾਂ ਹੈ, ਜਿਸ ਕਾਰਨ ਉੱਥੇ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੁਲਸ ਵਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਸੋਮਵਾਰ ਸਵੇਰੇ ਸੁਖਨਾ ਝੀਲ ਦੇ ਪਾਣੀ ਦਾ ਪੱਧਰ 1162.10 ਫੁੱਟ ‘ਤੇ ਸੀ, ਜਦੋਂ ਕਿ ਖ਼ਤਰੇ ਦਾ ਨਿਸ਼ਾਨ 1163 ਫੁੱਟ ਹੈ। ਜੇਕਰ ਭਾਰੀ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਝੀਲ ‘ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਸਕਦਾ ਹੈ।
ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਝੀਲ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰਦਾ ਹੈ ਤਾਂ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹ ਦਿੱਤੇ ਜਾਣਗੇ ਅਤੇ ਸੁਖ਼ਨਾ ਚੋਅ ‘ਚ ਪਾਣੀ ਛੱਡਿਆ ਜਾਵੇਗਾ ਤਾਂ ਜੋ ਸ਼ਹਿਰ ‘ਚ ਹੜ੍ਹ ਦੇ ਹਾਲਾਤ ਨਾ ਬਣਨ। ਫਿਲਹਾਲ ਹਾਲਾਤ ਕੰਟਰੋਲ ‘ਚ ਹਨ ਅਤੇ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਨਹੀਂ ਹੈ।