ਮੋਹਾਲੀ: ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਰਿਸਰਚ (ਆਈਜ਼ਰ) ਮੋਹਾਲੀ ਦੀ ਲਾਇਬ੍ਰੇਰੀ ਵਿਚ ਦੇਸ਼ ਦੀ ਭਾਸ਼ਾਈ ਵਿਭਿੰਨਤਾ ਦਾ ਇਕ ਵਿਲੱਖਣ ਨਮੂਨਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਇਕ ਕੰਧ ‘ਤੇ 16 ਵੱਖ-ਵੱਖ ਭਾਸ਼ਾਵਾਂ ਵਿਚ 14ਵੀਂ ਤੋਂ 20ਵੀਂ ਸਦੀ ਤੱਕ ਦੇ ਮਹਾਨ ਕਵੀਆਂ ਦੀਆਂ ਰਚਨਾਵਾਂ ਉੱਕਰੀਆਂ ਗਈਆਂ ਹਨ। ਲਾਇਬ੍ਰੇਰੀ ਅਤੇ ਕੰਪਿਊਟਰ ਸੈਂਟਰ ਨੂੰ ਵੱਖ ਕਰਨ ਵਾਲੀ ਇਹ ਦੀਵਾਰ ਪੂਰੇ ਹਿੰਦੁਸਤਾਨ ਦੇ ਦਰਸ਼ਨ ਕਰਵਾਉਂਦੀ ਹੈ ਅਤੇ ਲਗਭਗ ਦੇਸ਼ ਦੇ ਤੀਜੇ ਹਿੱਸੇ ਨੂੰ ਆਪਸ ਵਿਚ ਜੋੜਦੀ ਪ੍ਰਤੀਤ ਹੁੰਦੀ ਹੈ। ਇਸ ਕੰਧ ‘ਤੇ ਰਵਿੰਦਰ ਨਾਥ ਟੈਗੋਰ ਦੀ ਵਿਸ਼ਵ ਪ੍ਰਸਿੱਧ ਰਚਨਾ “Where the mind is without fear” ਅਤੇ ਬੰਕਿਮ ਚੰਦਰ ਚਟੋਪਾਧਿਆਏ ਦੀ “ਵੰਦੇ ਮਾਤਰਮ” ਤੋਂ ਲੈ ਕੇ ਦੱਖਣ ਭਾਰਤੀ ਕਵੀਆਂ ਦੀਆਂ ਲਿਖਤਾਂ ਨੂੰ ਵੀ ਥਾਂ ਦਿੱਤੀ ਗਈ ਹੈ।
ਪੰਜਾਬੀ ਮਾਂ-ਬੋਲੀ ਦਾ ਮਾਣ ਵਧਾਉਂਦਿਆਂ ਇਸ ਦੀਵਾਰ ‘ਤੇ ਪੰਜਾਬੀ ਦੇ ਸਿਰਮੌਰ ਕਵੀ ਭਾਈ ਵੀਰ ਸਿੰਘ ਦੀ ਅਧਿਆਤਮਿਕ ਕਵਿਤਾ “ਸਿਰ ਕਚਕੋਲ ਬਣਾ ਹੱਥ ਲੀਤਾ, ਪੜ੍ਹਿਆ ਦੁਆਰੇ ਫਿਰਿਆ” ਨੂੰ ਉਚੇਚੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਕਵਿਤਾਵਾਂ ਨੂੰ ਉਨ੍ਹਾਂ ਦੀ ਮੂਲ ਲਿਪੀ ਵਿਚ ਲਿਖਣ ਦੇ ਨਾਲ-ਨਾਲ ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਵੀ ਉਪਲਬਧ ਕਰਵਾਇਆ ਗਿਆ ਹੈ ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਵਿਦਿਆਰਥੀ ਆਪਣੀ ਭਾਸ਼ਾ ਦੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਦੇ ਅਮੀਰ ਸਾਹਿਤ ਨੂੰ ਵੀ ਸਮਝ ਸਕਣ।

