ਜਲੰਧਰ ‘ਸਵੱਛ ਭੋਜਨ ਦਿਵਸ’ ਮੌਕੇ ਰੇਲਵੇ ਦੀਆਂ ਵਿਸ਼ੇਸ਼ ਟੀਮਾਂ ਨੇ ਟ੍ਰੇਨਾਂ ਦੀਆਂ ਪੈਂਟਰੀ ਕਾਰਾਂ ਅਤੇ ਬੇਸ ਕਿਚਨ ਵਿਚ ਅਚਾਨਕ ਜਾਂਚ ਸ਼ੁਰੂ ਕਰ ਦਿੱਤੀ, ਜਿਸ ਨਾਲ ਸਬੰਧਤ ਸਟਾਫ ਵਿਚ ਤਰਥੱਲੀ ਮਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਵੱਛਤਾ ਪੰਦਰਵਾੜਾ ਤਹਿਤ ਚਲਾਈ ਜਾ ਰਹੀ ਇਸ ਵਿਸ਼ੇਸ਼ ਮੁਹਿੰਮ ਵਿਚ ਵੀ ਭੋਜਨ ਤਿਆਰ ਕਰਨ ਤੋਂ ਲੈ ਕੇ ਪਰੋਸਣ ਤਕ ਦੀ ਹਰ ਪ੍ਰਕਿਰਿਆ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਕਮੀਆਂ ਨੂੰ ਲੈ ਕੇ ਸੁਧਾਰ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।ਸਵੇਰ ਤੋਂ ਸ਼ੁਰੂ ਹੋਈ ਮੁਹਿੰਮ ਦੌਰਾਨ ਕਮਰਸ਼ੀਅਲ, ਸਿਹਤ ਵਿਭਾਗ ਦੇ ਅਧਿਕਾਰੀ, ਸੁਪਰਵਾਈਜ਼ਰ, ਤਕਨੀਕੀ ਮਾਹਿਰ ਦੀਆਂ ਟੀਮਾਂ ਨੇ ਪੈਂਟਰੀ ਕਾਰਾਂ ਵਿਚ ਛਾਪੇਮਾਰੀ ਸ਼ੁਰੂ ਕੀਤੀ। ਇਸ ਮੌਕੇ ਬਰਤਨ ਦੀ ਸਫਾਈ, ਖੁਰਾਕ ਸਮੱਗਰੀ ਦੀ ਗੁਣਵੱਤਾ, ਭੰਡਾਰਨ ਵਿਵਸਥਾ, ਕਰਮਚਾਰੀਆਂ ਦੀ ਸਿਹਤ ਅਤੇ ਯੂਨੀਫਾਰਮ ਦੀ ਸਥਿਤੀ ਤਕ ਬਾਰੀਕੀ ਨਾਲ ਜਾਂਚ ਕੀਤੀ ਗਈ। ਕਈ ਥਾਵਾਂ ’ਤੇ ਸਫਾਈ ਵਿਚ ਲਾਪ੍ਰਵਾਹੀ ਅਤੇ ਬਰਤਨਾਂ ਵਿਚ ਗੰਦਗੀ ਪਾਏ ਜਾਣ ’ਤੇ ਸਬੰਧਤ ਸਟਾਫ ਨੂੰ ਤੁਰੰਤ ਚਿਤਾਵਨੀ ਦਿੱਤੀ ਗਈ। ਉਥੇ ਹੀ, ਬੇਸ ਕਿਚਨ ਵਿਚ ਭੋਜਨ ਤਿਆਰ ਕਰਨ ਵਾਲੇ ਇਲਾਕੇ, ਪਲੇਟਫਾਰਮ, ਸਟੋਰ ਰੂਮ ਅਤੇ ਵਾਸ਼ ਏਰੀਏ ਦੀ ਸਫਾਈ ਦਾ ਪੱਧਰ ਵੀ ਪਰਖਿਆ ਗਿਆ।

