ਦੋਰਾਂਗਲਾ -ਥਾਣਾ ਦੋਰਾਂਗਲਾ ਅਧੀਨ ਆਉਂਦੀ ਆਧੀਆਂ ਚੈੱਕ ਪੋਸਟ ‘ਤੇ ਦੋ ਪੁਲਸ ਕਰਮਚਾਰੀਆਂ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ਵਿੱਚ ਗੁਰਦਾਸਪੁਰ ਦੇ ਐਸ. ਐਸ. ਪੀ. ਆਦਿੱਤਿਆ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਐਸ. ਐਸ. ਪੀ. ਨੇ ਦੱਸਿਆ ਕਿ ਪੁਲਸ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਦੋ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਇਲਾਕੇ ਨੂੰ ਸੀਲਕਰ ਦਿੱਤਾ ਹੈ। ਐਸ. ਐਸ. ਪੀ. ਨੇ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਟੈਕਨੀਕਲ ਟੀਮ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਚੁੱਕੀ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।ਉਨ੍ਹਾਂ ਪੁਸ਼ਟੀ ਕੀਤੀ ਕਿ ਮ੍ਰਿਤਕਾਂ ਵਿੱਚੋਂ ਇੱਕ ਮੁਲਾਜ਼ਮ ਇੰਡੀਆ ਰਿਜ਼ਰਵ ਬਟਾਲੀਅਨ (IRB) ਨਾਲ ਸਬੰਧਤ ਸੀ ਅਤੇ ਦੂਜਾ ਪੰਜਾਬ ਹੋਮ ਗਾਰਡ ਦਾ ਜਵਾਨ ਸੀ।
ਉਨ੍ਹਾਂ ਕਿਹਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਮੌਕੇ ਤੋਂ ਮਿਲੇ ਗੋਲੀਆਂ ਦੇ ਖੋਲ ਕਿਸ ਹਥਿਆਰ ਦੇ ਹਨ ਅਤੇ ਕਿਸ ਹਾਲਾਤ ਵਿੱਚ ਗੋਲੀ ਚੱਲੀ ਹੈ। ਐਸ. ਐਸ. ਪੀ. ਆਦਿੱਤਿਆ ਅਨੁਸਾਰ, ਪੁਲਸ ਇਸ ਮਾਮਲੇ ਦੀ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

