ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਪਰਾਊਡ ਟੂ ਬੀ ਅਕਾਲੀ’ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਹੈ। ਸੁਖਬੀਰ ਨੇ ਕਿਹਾ ਹੈ ਕਿ ਪੰਜਾਬ ਤੇ ਪੰਜਾਬੀਆਂ ਦੀ ਆਪਣੀ ਪੰਥਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਿਆਰੇ ਅਤੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਸੇ ਉਤੇ ਹਰ ਪੰਜਾਬੀ ਮਾਣ ਕਰਦਾ ਆਇਆ ਹੈ, ਕਰਦਾ ਹੈ ਤੇ ਹਮੇਸ਼ਾ ਕਰਦਾ ਰਹੇਗਾ। ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਦੁਸ਼ਮਣ ਅੰਨ੍ਹੇ ਦੁਸ਼ਟ ਪ੍ਰਚਾਰ ਦੇ ਬਾਵਜੂਦ ਪੰਜਾਬੀਆਂ ਦੇ ਮਨਾਂ ਵਿਚੋਂ ਇਸ ਅਦੁੱਤੀ ਜਜ਼ਬੇ ਨੂੰ ਧੁੰਦਲਾ ਨਹੀਂ ਕਰ ਸਕੇ।
ਉਨ੍ਹਾਂ ਕਿਹਾ ਕਿ ਅੱਜ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਤੋਂ ਅਸ਼ੀਰਵਾਦ ਲੈਕੇ ਇਸੇ ਜਜ਼ਬੇ ਨੂੰ ਸਮਰਪਿਤ “Proud To Be Akali” ਲਹਿਰ ਦਾ ਆਗਾਜ਼ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਕੀਤਾ ਹੈ। ਜੈਕਾਰਿਆਂ ਦੀ ਗੂੰਜ ਵਿਚ ਅਕਾਲੀ, ਪੰਥਕ ਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਅਣਗਿਣਤ ਵਰਕਰ ਸਾਹਿਬਾਨ ਨੇ ਆਪਣੀਆਂ ਗੱਡੀਆਂ ਉੱਤੇ ‘ਮੈਨੂੰ ਮਾਣ ਅਕਾਲੀ ਹੋਣ ‘ਤੇ’ (Proud To Be Akali) ਦੇ ਸਟਿੱਕਰ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਨੂੰ ਪੰਜਾਬ ਦੇ ਹਰ ਸ਼ਹਿਰ, ਪਿੰਡ, ਮੁਹੱਲੇ ਤੇ ਘਰ ਘਰ ਤੱਕ ਲਿਜਾਇਆ ਜਾਵੇਗਾ ।