Become a member

Get the best offers and updates relating to Liberty Case News.

― Advertisement ―

spot_img
spot_img
HomeBig Newsਫਿੱਲੌਰ ਵਿੱਚ 'ਯੁੱਧ ਨਸ਼ਾ ਮੁਕਤੀ' ਮੁਹਿੰਮ ਦੀ ਰਾਜ ਪੱਧਰੀ ਸਿਖਲਾਈ ਕਰਵਾਈ ਗਈ,...

ਫਿੱਲੌਰ ਵਿੱਚ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਦੀ ਰਾਜ ਪੱਧਰੀ ਸਿਖਲਾਈ ਕਰਵਾਈ ਗਈ, 20 ਸਤੰਬਰ ਤੋਂ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਹੋਣਗੀਆਂ ਜਨ-ਜਾਗਰੂਕਤਾ ਬੈਠਕਾਂ

ਫਿੱਲੌਰ/ ਚੰਡੀਗੜ੍ਹ, 11 ਸਤੰਬਰ: ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਤਹਿਤ ਅੱਜ ਫਿੱਲੌਰ ਸਥਿਤ ਪੁਲਿਸ ਟ੍ਰੇਨਿੰਗ ਸੈਂਟਰ ਵਿੱਚ ਇੱਕ ਅਹਿਮ ਰਾਜ ਪੱਧਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁਹਿੰਮ ਦੇ ਜ਼ੋਨ ਕੋਆਰਡੀਨੇਟਰਾਂ, ਜ਼ਿਲ੍ਹਾ ਕੋਆਰਡੀਨੇਟਰਾਂ, ਹਲਕਾ ਕੋਆਰਡੀਨੇਟਰਾਂ ਸਮੇਤ ਲਗਭਗ 500 ਗੈਸਟ ਸਪੀਕਰਾਂ ਨੇ ਹਿੱਸਾ ਲਿਆ। ਕੁੱਲ ਮਿਲਾ ਕੇ ਤਕਰੀਬਨ 700 ਭਾਗੀਦਾਰਾਂ ਨੂੰ ਸਿਖਲਾਈ ਦਿੱਤੀ ਗਈ।

ਇਸ ਸਿਖਲਾਈ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਰਹੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮੁਹਿੰਮ ਨਾਲ ਜੁੜੇ ਅਹੁਦੇਦਾਰਾਂ ਅਤੇ ਗੈਸਟ ਸਪੀਕਰਾਂ ਨੂੰ ਨਸ਼ਿਆਂ ਵਿਰੁੱਧ ਚੱਲ ਰਹੀ ਇਸ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਹੋਰ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਲਈ ਪ੍ਰੇਰਿਤ ਕੀਤਾ।

ਸਿਖਲਾਈ ਦਾ ਮੁੱਖ ਮਕਸਦ 20 ਸਤੰਬਰ ਤੋਂ ਪੰਜਾਬ ਦੇ 15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਬੈਠਕਾਂ ਲਈ ਸਾਰੇ ਭਾਗੀਦਾਰਾਂ ਨੂੰ ਤਿਆਰ ਕਰਨਾ ਸੀ। ਇਨ੍ਹਾਂ ਬੈਠਕਾਂ ਵਿੱਚ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਦੌਰਾਨ ਹੁਣ ਤੱਕ ਦੀਆਂ ਪ੍ਰਾਪਤੀਆਂ, ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ, ਗ੍ਰਿਫ਼ਤਾਰੀਆਂ, ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਨੂੰ ਡੀ-ਐਡਿਕਸ਼ਨ ਸੈਂਟਰਾਂ ਤੱਕ ਪਹੁੰਚਾਉਣ ਅਤੇ ਨਸ਼ਿਆਂ ਵਿਰੁੱਧ ਕੀਤੇ ਗਏ ਵੱਖ-ਵੱਖ ਯਤਨਾਂ ਬਾਰੇ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਇਨ੍ਹਾਂ ਬੈਠਕਾਂ ਵਿੱਚ ਮੁਹਿੰਮ ਦੌਰਾਨ ਸਾਹਮਣੇ ਆਈਆਂ ਚੁਣੌਤੀਆਂ ‘ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਇਹ ਵੀ ਦੱਸਿਆ ਜਾਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਵਿਰੁੱਧ ਇਸ ਮੁਹਿੰਮ ਨੂੰ ਹੋਰ ਵੱਧ ਅਸਰਦਾਰ ਅਤੇ ਵਿਆਪਕ ਬਣਾਉਣ ਲਈ ਕਿਸ ਤਰ੍ਹਾਂ ਕੰਮ ਕੀਤਾ ਜਾਣਾ ਹੈ।

**14 ਤੋਂ 17 ਸਤੰਬਰ ਦਰਮਿਆਨ ਹਲਕਾ ਪੱਧਰ ‘ਤੇ ਹੋਣਗੀਆਂ ਤਿਆਰੀ ਬੈਠਕਾਂ**

15,000 ਤੋਂ ਵੱਧ ਪਿੰਡਾਂ ਅਤੇ ਵਾਰਡਾਂ ਵਿੱਚ ਹੋਣ ਵਾਲੀਆਂ ਬੈਠਕਾਂ ਤੋਂ ਪਹਿਲਾਂ 14 ਤੋਂ 17 ਸਤੰਬਰ ਦਰਮਿਆਨ ਹਲਕਾ ਪੱਧਰ ‘ਤੇ ਤਿਆਰੀ ਬੈਠਕਾਂ ਕਰਵਾਈਆਂ ਜਾਣਗੀਆਂ। ਇਨ੍ਹਾਂ ਬੈਠਕਾਂ ਦੀ ਪ੍ਰਧਾਨਗੀ ਸੰਬੰਧਿਤ ਹਲਕੇ ਦੇ ਵਿਧਾਇਕ ਅਤੇ ਹਲਕਾ ਇੰਚਾਰਜ ਕਰਨਗੇ।

ਇਨ੍ਹਾਂ ਬੈਠਕਾਂ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ, ਸੰਬੰਧਿਤ ਹਲਕੇ ਦੀ ਟੀਮ ਅਤੇ ਪਿੰਡਾਂ ਤੇ ਵਾਰਡਾਂ ਦੇ ਵੀ.ਡੀ.ਸੀ. ਕਨਵੀਨਰ ਅਤੇ ਐਕਟਿੰਗ ਪ੍ਰਧਾਨ ਸ਼ਾਮਲ ਹੋਣਗੇ। ਇਨ੍ਹਾਂ ਬੈਠਕਾਂ ਦਾ ਉਦੇਸ਼ 20 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਪਿੰਡ ਅਤੇ ਵਾਰਡ ਪੱਧਰੀ ਬੈਠਕਾਂ ਦੀ ਰੂਪਰੇਖਾ, ਤਾਲਮੇਲ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦੇਣਾ ਹੋਵੇਗਾ।

ਅੱਜ ਫਿੱਲੌਰ ਵਿੱਚ ਕਰਵਾਏ ਗਏ ਸਿਖਲਾਈ ਪ੍ਰੋਗਰਾਮ ਵਿੱਚ ਭਾਗੀਦਾਰਾਂ ਨੂੰ ਇਨ੍ਹਾਂ ਦੋਵੇਂ ਪੜਾਵਾਂ — 14 ਤੋਂ 17 ਸਤੰਬਰ ਦੀਆਂ ਹਲਕਾ ਪੱਧਰੀ ਤਿਆਰੀ ਬੈਠਕਾਂ ਅਤੇ 20 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਪਿੰਡ ਅਤੇ ਵਾਰਡ ਪੱਧਰੀ ਬੈਠਕਾਂ — ਦੇ ਸੰਬੰਧ ਵਿੱਚ ਵਿਸਤਰਿਤ ਸਿਖਲਾਈ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੇ ਨਸ਼ਿਆਂ ਵਿਰੁੱਧ ‘ਯੁੱਧ ਨਸ਼ਾ ਮੁਕਤੀ’ ਮੁਹਿੰਮ ਨੂੰ ਪਿੰਡ-ਪਿੰਡ ਅਤੇ ਵਾਰਡ-ਵਾਰਡ ਤੱਕ ਅਸਰਦਾਰ ਢੰਗ ਨਾਲ ਪਹੁੰਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨਾਲ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਗੰਭੀਰਤਾ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।

ਫਿੱਲੌਰ ਵਿੱਚ ਕਰਵਾਇਆ ਗਿਆ ਇਹ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋਇਆ ਅਤੇ ਇਸ ਨੂੰ 20 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਿਆਪਕ ਜਨ-ਜਾਗਰੂਕਤਾ ਮੁਹਿੰਮ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।