ਮੋਹਾਲੀ : ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਸਖ਼ਤ ਹਦਾਇਤਾਂ ਜਾਰੀ ਹੋ ਗਈਆਂ ਹਨ ਅਤੇ ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਮੁਲਾਜ਼ਮਾਂ ‘ਤੇ ਕਿਸੇ ਵੇਲੇ ਵੀ ਗਾਜ਼ ਡਿੱਗ ਸਕਦੀ ਹੈ। ਇਸ ਦੇ ਮੱਦੇਨਜ਼ਰ ਬੀਤੀ ਰਾਤ ਸਮੇਂ ਚੈਕਿੰਗ ਪੋਸਟ ’ਤੇ ਤਾਇਨਾਤ ਇੰਸਪੈਕਟਰ ਡਿਊਟੀ ’ਤੇ ਸੁੱਤਾ ਪਿਆ ਪਾਇਆ ਗਿਆ। ਡਿਊਟੀ ’ਤੇ ਅਜਿਹਾ ਗੈਰ-ਜ਼ਿੰਮੇਵਾਰਾਨਾ ਰਵੱਈਆ ਦੇਖ ਕੇ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਦੀਪਕ ਪਾਰੀਕ ਨੇ ਤੜਕੇ 3 ਵਜੇ ਅਚਾਨਕ ਮੋਹਾਲੀ ਦੀ ਚੈੱਕ ਪੋਸਟ ਦੀ ਅਚਾਨਕ ਜਾਂਚ ਕੀਤੀ। ਇਸ ਦੌਰਾਨ ਇੰਸਪੈਕਟਰ ਭੁਪਿੰਦਰ ਸਿੰਘ, ਜੋ ਪਹਿਲਾਂ ਹੀ ਪੁਲਸ ਲਾਈਨਜ਼ ‘ਚ ਸੇਵਾ ਨਿਭਾਅ ਰਹੇ ਸਨ ਅਤੇ ਚੈੱਕ ਪੋਸਟ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ, ਉਹ ਆਪਣੀ ਕਾਰ ‘ਚ ਸੁੱਤੇ ਪਏ ਪਾਏ ਗਏ।
ਐੱਸ. ਐੱਸ. ਪੀ. ਨੇ ਕਿਹਾ ਕਿ ਇਸ ਅਣਗਹਿਲੀ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਚੌਕਸ ਰਹਿਣ ਅਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।