ਲੁਧਿਆਣਾ : ਸਹਾਇਕ ਲੇਬਰ ਕਮਿਸ਼ਨਰ ਸਰਬਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕਾਨੂੰਨ ਦਾ ਹਵਾਲਾ ਦਿੰਦਿਆਂ ਹਦਾਇਤ ਕੀਤੀ ਹੈ ਕਿ ਔਰਤਾਂ ਕਿਸੇ ਵੀ ਵਪਾਰਕ ਅਦਾਰੇ, ਦੁਕਾਨਾਂ, ਫੈਕਟਰੀਆਂ ਆਦਿ ਵਿਚ ਰਾਤ 8 ਵਜੇ ਤੋਂ ਬਾਅਦ ਕੰਮ ਨਹੀਂ ਕਰ ਸਕਦੀਆਂ। ਏ.ਐੱਲ.ਸੀ. ਸਰਬਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਲਈ ਵਪਾਰਕ ਅਦਾਰਿਆਂ ਦੇ ਸੰਚਾਲਕਾਂ ਲਈ ਔਰਤਾਂ ਦੀ ਸਹਿਮਤੀ ਅਤੇ ਸਰਕਾਰ ਤੋਂ ਇਜਾਜ਼ਤ ਲੈਣੀ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਔਰਤਾਂ ਨੂੰ ਕੰਮ ਲਈ ਘਰੋਂ ਸੁਰੱਖਿਅਤ ਲਿਆਉਣਾ ਅਤੇ ਘਰ ਪਹੁੰਚਾਉਣਾ ਲਾਜ਼ਮੀ ਹੈ। ਸਬੰਧਤ ਕਾਰੋਬਾਰੀ ਸਥਾਨ ਦੇ ਸੰਚਾਲਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਪੂਰੀ ਗੰਭੀਰਤਾ ਨਾਲ ਨਿਭਾਉਣ ਦੀ ਲੋੜ ਹੈ। ਇਕ ਸਵਾਲ ਦੇ ਜਵਾਬ ਵਿਚ ਸਹਾਇਕ ਕਿਰਤ ਕਮਿਸ਼ਨਰ ਸਰਬਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸ਼ਾਪ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਐਕਟ 1958 ਦੀ ਧਾਰਾ 9,10 (1) ਤਹਿਤ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕਈ ਵਿਸ਼ੇਸ਼ ਕਾਨੂੰਨ ਅਤੇ ਨਿਯਮ ਲਾਗੂ ਕੀਤੇ ਗਏ ਹਨ, ਜਿਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।