ਲੁਧਿਆਣਾ : ਪੰਜਾਬ ਭਰ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 27 ਤੋਂ 30 ਅਗਸਤ ਤੱਕ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ ਪਰ ਸਿੱਖਿਆ ਵਿਭਾਗ ਕੋਲ ਸਵੇਰ ਤੋਂ ਹੀ ਵੱਖ-ਵੱਖ ਖੇਤਰਾਂ ’ਚ 12 ਸਕੂਲਾਂ ਜਿਨ੍ਹਾਂ ਵਿਚ ਕਈ ਵੱਡੇ ਸਕੂਲ ਵੀ ਹਨ, ਵਲੋਂ ਸਕੂਲ ਖੋਲ੍ਹ ਕੇ ਅਧਿਆਪਕਾਂ ਨੂੰ ਬੁਲਾਉਣ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਡੀ. ਈ. ਓ. ਡਿੰਪਲ ਮਦਾਨ ਨੇ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਸਕੂਲਾਂ ’ਚ ਚੈਕਿੰਗ ਕਰਵਾਈ ਅਤੇ ਬੁੱਧਵਾਰ ਸ਼ਾਮ ਨੂੰ ਸਾਰੇ 12 ਸਕੂਲਾਂ ਨੂੰ ਸ਼ੋਅਕਾਜ ਨੋਟਿਸ ਜਾਰੀ ਕਰ ਕੇ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਸਕੂਲ ਖੁੱਲ੍ਹੇ ਹੋਣ ਬਾਰੇ ਜਵਾਬ ਮੰਗ ਲਿਆ ਹੈ। ਇੰਨਾ ਹੀ ਨਹੀਂ ਡੀ. ਈ. ਓ. ਨੇ ਬਤੌਰ ਰਿਕਾਰਡ ਸਕੂਲਾਂ ਤੋਂ ਅੱਜ ਦੇ ਦਿਨ ਦੀ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਵਿਭਾਗ ਨੂੰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਡੀ. ਈ. ਓ. ਮਦਾਨ ਨੇ ਇਕ ਵਟਸਐਪ ਗਰੁੱਪ ਵਿਚ ਵੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ ਐੱਨ. ਓ. ਸੀ. ਰੱਦ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਇਸ ਦਾ ਬਹੁਤ ਸਾਰੇ ਸਕੂਲਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਪੂਰਾ ਦਿਨ ਆਪਣੀਆਂ ਆਨਲਾਈਨ ਕਲਾਸਾਂ ਅਧਿਆਪਕਾਂ ਤੋਂ ਲਗਵਾਈਆਂ। ਡੀ. ਈ. ਓ. ਨੇ ਸਕੂਲਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ 30 ਅਗਸਤ ਤੱਕ ਸਕੂਲ ਨਾ ਖੋਲ੍ਹੇ ਜਾਣ ਅਤੇ ਨਾ ਹੀ ਸਟਾਫ਼ ਨੂੰ ਬੁਲਾਇਆ ਜਾਵੇ। ਸਕੂਲਾਂ ਨੂੰ ਅਗਲੇ 3 ਦਿਨਾਂ ਦੇ ਅੰਦਰ ਆਪਣਾ ਜਵਾਬ ਇਲਾਕੇ ਦੇ ਬਲਾਕ ਨੋਡਲ ਅਫ਼ਸਰ (ਬੀ. ਐੱਨ. ਓ.) ਦਫਤਰ ਵਿਚ ਜਮ੍ਹਾ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਬਾਅਦ ਉਕਤ ਸਕੂਲਾਂ ਖਿਲਾਫ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਡੀ. ਈ. ਓ. ਨੇ ਕਿਹਾ ਇਹ ਨੋਟਿਸ ਬੱਚਿਆਂ ਦੀ ਸੁਰੱਖਿਆ ਅਤੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਹੈ।