ਚੰਡੀਗੜ੍ਹ : ਫਿਰੋਜ਼ਪੁਰ ਵਿਚ ਲਾੜੀ ਦੀ ਵਿਦਾਈ ਦੌਰਾਨ ਭਰਾ ਵਲੋਂ ਖੁਸ਼ੀ ਵਿਚ ਚਲਾਈ ਗੋਲ਼ੀ ਲਾੜੀ ਦੇ ਮੱਥੇ ਵਿਚ ਵੱਜਣ ਤੋਂ ਬਾਅਦ ਪੰਜਾਬ ਪੁਲਸ ਹਰਕਤ ਵਿਚ ਆ ਗਈ ਹੈ। ਹੁਣ ਜਦੋਂ ਵਿਆਹਾਂ ਦਾ ਸੀਜ਼ਨ ਹੈ ਤਾਂ ਪੰਜਾਬ ਪੁਲਸ ਨੇ ਮੈਰਿਜ ਪੈਲੇਸਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਪੁਲਸ ਨੇ ਸੂਬੇ ਦੇ ਸਾਰੇ ਮੈਰਿਜ ਪੈਲੇਸ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਮੈਰਿਜ ਪੈਲੇਸ ’ਚ ਕੋਈ ਵੀ ਹਥਿਆਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਰਿਜ ਪੈਲੇਸ ਮਾਲਕ ਇਹ ਨਿਸ਼ਚਿਤ ਕਰਨ ਕਿ ਵਿਆਹ ਜਾਂ ਪਾਰਟੀ ਦੌਰਾਨ ਪੈਲੇਸ ਅੰਦਰ ਕੋਈ ਹਥਿਆਰ ਲੈ ਕੇ ਨਾ ਜਾਵੇ, ਜੇਕਰ ਹੁਕਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਬਕਾਇਦਾ ਆਰਡਰ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ ਹਨ।
ਜਲੰਧਰ ਦਿਹਾਤੀ ਪੁਲਸ ਨੇ ਜ਼ਿਲ੍ਹੇ ’ਚ ਸ਼ਿਕੰਜਾ ਕੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼ਾਂ ਤੋਂ ਬਾਅਦ ਅੱਜ ਸੀਨੀਅਰ ਪੁਲਸ ਅਧਿਕਾਰੀਆਂ ਨੇ ਮੈਰਿਜ ਪੈਲੇਸਾਂ ਦੇ ਸੰਚਾਲਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕਿਸੇ ਵੀ ਉਲੰਘਣਾ ਲਈ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਪਹਿਲਕਦਮੀ ਵਿਚ ਵੱਖ-ਵੱਖ ਸਬ-ਡਵੀਜ਼ਨਾਂ ਵਿਚ 89 ਮੈਰਿਜ ਪੈਲੇਸਾਂ ਨੂੰ ਕਵਰ ਕੀਤਾ ਗਿਆ ਹੈ।