ਬਠਿੰਡਾ : ਬਠਿੰਡਾ ਨਗਰ ਨਿਗਮ ਨੇ ਸਾਲਾਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਡਿਫਾਲਟਰਾਂ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਵਨ ਟਾਈਮ ਸੈਟਲਮੈਂਟ (ਓ. ਟੀ. ਐੱਸ.) ਸਕੀਮ ਤਹਿਤ, ਕਾਰਪੋਰੇਸ਼ਨ ਨੇ ਹੁਣ ਵਾਰਡ ਵਾਰ ਕੈਂਪ ਲਗਾ ਕੇ ਲੋਕਾਂ ਤੋਂ ਬਕਾਇਆ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। 31 ਜੁਲਾਈ, 2025 ਤਕ ਟੈਕਸ ਅਦਾ ਕਰਨ ਵਾਲਿਆਂ ਨੂੰ ਜੁਰਮਾਨੇ ਅਤੇ ਵਿਆਜ ਵਿਚ ਪੂਰੀ ਰਾਹਤ ਦਿੱਤੀ ਜਾਵੇਗੀ। ਸਰਕਾਰ ਨੇ ਓ. ਟੀ. ਐੱਸ. ਸਕੀਮ ਦੀ ਸਮਾਂ ਸੀਮਾ ਵਧਾ ਦਿੱਤੀ ਹੈ ਅਤੇ ਹੁਣ ਇਸਨੂੰ ਦੋ ਪੜਾਵਾਂ ਵਿਚ ਲਾਗੂ ਕਰ ਰਹੀ ਹੈ-ਪਹਿਲਾ ਪੜਾਅ 31 ਜੁਲਾਈ ਤਕ ਅਤੇ ਦੂਜਾ 31 ਅਕਤੂਬਰ ਤਕ। 31 ਜੁਲਾਈ ਤਕ ਟੈਕਸ ਅਦਾ ਕਰਨ ਵਾਲਿਆਂ ਨੂੰ ਜੁਰਮਾਨੇ ਅਤੇ ਵਿਆਜ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾਵੇਗੀ।
31 ਅਕਤੂਬਰ ਤਕ ਟੈਕਸ ਅਦਾ ਕਰਨ ਵਾਲਿਆਂ ਨੂੰ 50 ਫੀਸਦੀ ਦੀ ਛੋਟ ਮਿਲੇਗੀ। ਇਸ ਤੋਂ ਬਾਅਦ, ਕੋਈ ਰਾਹਤ ਨਹੀਂ ਦਿੱਤੀ ਜਾਵੇਗੀ ਅਤੇ ਪੂਰਾ ਜੁਰਮਾਨਾ ਅਤੇ ਵਿਆਜ ਵਸੂਲਿਆ ਜਾਵੇਗਾ। ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਹਰ ਰੋਜ਼ 1-2 ਵਾਰਡਾਂ ਵਿਚ ਕੈਂਪ ਲਗਾ ਕੇ ਟੈਕਸ ਇਕੱਠਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਡਿਫਾਲਟਰਾਂ ਨੂੰ ਨੋਟਿਸ ਵੀ ਭੇਜੇ ਜਾ ਰਹੇ ਹਨ। ਨਿਗਮ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 31 ਜੁਲਾਈ ਤਕ ਬਕਾਇਆ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ ਤਾਂ ਸਬੰਧਤ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।