ਲੁਧਿਆਣਾ– ਮਹਾਨਗਰ ’ਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਦੇ ਦਾਇਰੇ ’ਚ ਆਉਣ ਵਾਲੇ ਹੋਟਲਾਂ ’ਤੇ ਆਉਣ ਵਾਲੇ ਦਿਨਾਂ ’ਚ ਸਖ਼ਤੀ ਵਧੇਗੀ। ਇਸ ਸਬੰਧੀ ਕੋਰਟ ’ਚ ਚੱਲ ਰਹੇ ਕੇਸ ’ਚ ਸ਼ਿਕਾਇਤਕਰਤਾ ਵੱਲੋਂ ਇਹ ਮੁੱਦਾ ਚੁੱਕਿਆ ਹੈ ਕਿ ਜ਼ਿਆਦਾਤਰ ਹੋਟਲਾਂ ਦਾ ਨਿਰਮਾਣ ਨਗਰ ਨਿਗਮ ਤੋਂ ਨਕਸ਼ਾ ਪਾਸ ਕਰਵਾਏ ਬਿਨਾਂ ਕੀਤਾ ਗਿਆ ਹੈ ਅਤੇ ਉਨ੍ਹਾਂ ’ਚ ਪਾਰਕਿੰਗ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ।
ਇਸ ਤੋਂ ਇਲਾਵਾ ਜਿਨ੍ਹਾਂ ਹੋਟਲਾਂ ਵੱਲੋਂ ਨਗਰ ਨਿਗਮ ਦੀ ਮਨਜ਼ੂਰੀ ਦੇ ਨਾਲ ਨਿਰਮਾਣ ਕੀਤਾ ਗਿਆ ਹੈ, ਉਨ੍ਹਾਂ ’ਚ ਪਾਰਕਿੰਗ ਲਈ ਛੱਡੀ ਗਈ ਜਗ੍ਹਾ ਦੀ ਵਰਤੋਂ ਕਿਸੇ ਹੋਰ ਕਮਰਸ਼ੀਅਲ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਨ੍ਹਾਂ ਹੋਟਲਾਂ ’ਚ ਆਉਣ ਵਾਲੇ ਲੋਕਾਂ ਦੇ ਵਾਹਨ ਸੜਕ ਦੀ ਜਗ੍ਹਾ ’ਚ ਖੜ੍ਹੇ ਹੋਣ ਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ, ਜਿਸ ਨੂੰ ਲੈ ਕੇ ਕੋਰਟ ਵੱਲੋਂ ਨਗਰ ਨਿਗਮ ਅਤੇ ਸਰਕਾਰ ਤੋਂ 15 ਜਨਵਰੀ ਤੱਕ ਰਿਪੋਰਟ ਮੰਗੀ ਗਈ ਹੈ, ਜਿਸ ’ਚ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰਪੋਜ਼ਲ ਪੇਸ਼ ਕਰਨ ਲਈ ਬੋਲਿਆ ਗਿਆ ਹੈ।