ਨੈਸ਼ਨਲ ਡੈਸਕ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਕਿਹਾ ਕਿ ਹੋਸਟਲ ’ਚ ਰਹਿਣ ਵਾਲੀਆਂ ਵਿਦਿਆਰਥਣਾਂ, ਖਾਸ ਤੌਰ ’ਤੇ ਸੂਬੇ ਤੋਂ ਬਾਹਰ ਦੀਆਂ ਵਿਦਿਆਰਥਣਾਂ ਨੂੰ ਹੋਸਟਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਦੇਰ ਰਾਤ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ।
ਮਮਤਾ ਨੇ ਇਹ ਬਿਆਨ ਦੁਰਗਾਪੁਰ ਸਥਿਤ ਇਕ ਨਿੱਜੀ ਮੈਡੀਕਲ ਕਾਲਜ ਦੀ ਵਿਦਿਆਰਥਣ ਨਾਲ ਸ਼ੁੱਕਰਵਾਰ ਰਾਤ ਸਮੂਹਿਕ ਜਬਰ-ਜ਼ਨਾਹ ਦੀ ਕਥਿਤ ਘਟਨਾ ਤੋਂ ਬਾਅਦ ਦਿੱਤਾ। ਵਿਦਿਆਰਥਣ ਓਡਿਸ਼ਾ ਦੀ ਰਹਿਣ ਵਾਲੀ ਹੈ ਅਤੇ ਕਥਿਤ ਘਟਨਾ ਉਦੋਂ ਵਾਪਰੀ, ਜਦੋਂ ਉਹ ਆਪਣੇ ਇਕ ਦੋਸਤ ਨਾਲ ਰਾਤ ਖਾਣਾ ਖਾਣ ਲਈ ਬਾਹਰ ਗਈ ਸੀ।
ਮੁੱਖ ਮੰਤਰੀ ਮਮਤਾ ਨੇ ਕਿਹਾ, ‘‘ਪੁਲਸ ਹਰ ਵਿਅਕਤੀ ਦੀ ਆਵਾਜਾਈ ’ਤੇ ਨਜ਼ਰ ਨਹੀਂ ਰੱਖ ਸਕਦੀ। ਅਧਿਕਾਰੀਆਂ ਨੂੰ ਨਹੀਂ ਪਤਾ ਹੁੰਦਾ ਕਿ ਰਾਤ ’ਚ ਕੌਣ ਘਰ ਤੋਂ ਨਿਕਲ ਰਿਹਾ ਹੈ ਅਤੇ ਉਹ ਹਰ ਘਰ ਦੇ ਬਾਹਰ ਪਹਿਰਾ ਨਹੀਂ ਦੇ ਸਕਦੇ।’’

