ਪੰਜਾਬ ’ਚ ਇੱਕ ਪਾਸੇ ਜਿੱਥੇ ਨਸ਼ਿਆਂ ਦਾ ਛੇਵਾਂ ਦਰਿਆ ਕਹਿਰ ਬਰਪਾ ਰਿਹਾ ਤਾਂ ਦੂਜੇ ਪਾਸੇ ਸੂਬੇ ਦੀ ਪੁਲਿਸ ਵੀ ਇਸ ਦਰਿਆ ’ਤੇ ਠੱਲ ਪਾਉਣ ਲਈ ਪੂਰੀ ਤਰ੍ਹਾਂ ਮੁਸ਼ਤੈਦ ਨਜ਼ਰ ਆ ਰਹੀ ਹੈ। ਦਰਅਸਲ ਬਠਿੰਡਾ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 13 ਗ੍ਰਾਮ ਹੈਰੋਇਨ ਅਤੇ 15 ਲੀਟਰ ਲਾਹਨ ਬਰਾਮਦ ਕੀਤੀ ਹੈ।
ਪਹਿਲੇ ਮਾਮਲੇ ’ਚ ਥਾਣਾ ਥਰਮਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਗਸ਼ਤ ਦੌਰਾਨ ਜਦੋਂ ਪੁਲਿਸ ਐੱਨਐੱਫਐੱਲ ਕੋਲ ਪਹੁੰਚੀ ਤਾਂ ਇੱਕ ਵਿਅਕਤੀ ਨੂੰ ਰੋਕ ਕੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ। ਇਸ ਦੌਰਾਨ ਉਸ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਹਿਚਾਣ ਤਲਵਿੰਦਰ ਸਿੰਘ ਭਾਈ ਮਤੀ ਦਾਸ ਨਗਰ ਵੱਜੋਂ ਹੋਈ ਹੈ।
ਇਸੇ ਤਰ੍ਹਾਂ ਦੂਜੇ ਮਾਮਲੇ ਸੰਬੰਧੀ ਜਾਣਕਾਰੀ ਥਾਣਾ ਫੂਲ ਦੇ ਏਐੱਸਆਈ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਭਾਈ ਰੂਪਾ ਤੋਂ ਸਦੀਕ ਮੁਹੰਮਦ ਅਤੇ ਗੁਲਾਬ ਸਿੰਘ ਨੂੰ ਗਿ੍ਫ਼ਤਾਰ ਕਰਕੇ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਤੀਜਾ ਮਾਮਲਾ ਥਾਣਾ ਨੰਦਗੜ੍ਹ ਦਾ ਹੈ, ਜਿੱਥੇ ਹੌਲਦਾਰ ਮਹੇਸ਼ਇੰਦਰ ਸਿੰਘ ਮੁਤਾਬਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਹਰਭਜਨ ਸਿੰਘ ਵਾਸੀ ਪਿੰਡ ਜੰਗੀਰਾਣਾ ਦੀ ਗ੍ਰਿਫ਼ਤਾਰੀ ਕਰਕੇ 15 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ।