ਅੰਮ੍ਰਿਤਸਰ- ਤਨਖ਼ਾਹੀਆ ਐਲਾਨੇ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦੇ ਦਫ਼ਤਰ ਵਿਚ ਸਟਾਫ਼ ਨੂੰ ਆਪਣਾ ਸਪਸ਼ਟੀਕਰਨ ਸੌਂਪਿਆ। ਸਪਸ਼ਟੀਕਰਨ ਦੇਣ ਤੋਂ ਬਾਅਦ ਉਹ ਮੱਥਾ ਟੇਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਉਨ੍ਹਾਂ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਮੌਜੂਦ ਹਨ। ਸੁਖਬੀਰ ਬਾਦਲ ਦੇ ਨਾਲ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਦਲਜੀਤ ਸਿੰਘ ਚੀਮਾ ਅਤੇ ਸ਼ਰਨਜੀਤ ਢਿੱਲੋਂ ਵੀ ਪਹੁੰਚੇ ਹੋਏ ਹਨ। ਲਿਖਤੀ ਸਪਸ਼ਟੀਕਰਨ ਦੇਣ ਮਗਰੋਂ ਸੁਖਬੀਰ ਸਿੰਘ ਬਾਦਲ ਇਥੇ ਰਵਾਨਾ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਵਾਪਸ ਪਰਤ ਗਏ।
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮਗਰੋਂ ਅਸੀਂ ਸਾਰਿਆਂ ਨੇ ਅੱਜ ਲਿਖ਼ਤੀ ਸਪਸ਼ਟੀਕਰਨ ਜਥੇਦਾਰ ਨੂੰ ਸੌਂਪ ਦਿੱਤੇ ਹਨ। ਸਾਨੂੰ ਆਪਣੇ ਗੁਰੂ ‘ਤੇ ਭਰੋਸਾ ਹੈ, ਉਹ ਇਨਸਾਫ਼ ਕਰਨਗੇ। ਉਨ੍ਹਾਂ ਕਿਹਾ ਕਿ ਬੇਸ਼ੱਕ 15 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਪਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਨ ਵਿਚ ਵੱਡੇ ਬੋਝ ਸੀ, ਜਿਸ ਕਰਕੇ ਉਹ ਅੱਜ ਹੀ ਪੇਸ਼ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਜਥੇਦਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾਈ ਜਾਵੇ ਅਤੇ ਫ਼ੈਸਲਾ ਸੁਣਾਇਆ ਜਾਵੇ।