ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵਿਚਾਲੇ ਧੜੇਬੰਦੀ ਹੋਣ ਕਾਰਨ ਪਾਰਟੀ ਟੋਟੇ-ਟੋਟੇ ਹੁੰਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਫੈਸਲਾ ਲੈਂਦੇ ਹੋਏ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਹੈ। ਦਰਅਸਲ ਅਕਾਲੀ ਦਲ ਨਾਲੋ ਬਾਗੀ ਹੋਏ ਵੱਡੇ ਨੇਤਾ ਜਿਵੇਂ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗਰੀ ਕੌਰ ਆਦਿ ਇਸ ਕੋਰ ਕਮੇਟੀ ’ਚ ਸ਼ਾਮਲ ਸਨ। ਜਿੰਨ੍ਹਾਂ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਬਾਗੀ ਧੜੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਵਿਰੁੱਧ ਇੱਕ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਪੀ ਗਈ ਹੈ। ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਸਾਹਿਬ ’ਚ ਤਲਬ ਕੀਤਾ ਗਿਆ ਸੀ। ਹਾਂਲਾਕਿ ਸੁਖਬੀਰ ਬਾਦਲ ਨੇ ਐਕਸ ’ਤੇ ਪੋਸਟ ਕਰਕੇ ਕਿਹਾ ਸੀ ਕਿ ਉਹ ਸ਼੍ਰੀ ਅਕਾਲ ਤਖਤ ਵਿਖੇ ਇਕ ਨਿਮਾਣੇ ਸਿੱਖ ਵਜੋਂ ਨਤਮਸਤਕ ਹੋਣਗੇ। ਅਕਾਲ ਤਖ਼ਤ ਸਾਹਿਬ ਹਾਜ਼ਰੀ ਭਰਨ ਤੋਂ ਪਹਿਲਾਂ ਹੁਣ ਸੁਖਬੀਰ ਬਾਦਲ ਨੇ ਕੋਰ ਕਮੇਟੀ ਭੰਗ ਕਰ ਦਿੱਤੀ ਹੈ। ਫਿਲਹਾਲ ਹੁਣ ਤੇ ਸਮਾਂ ਹੀ ਦੱਸੇਗਾ ਕਿ ਨਵੀਂ ਕੋਰ ਕਮੇਟੀ ਦਾ ਗਠਨ ਕਦੋਂ ਹੁੰਦਾ ਹੈ।