ਸੰਗਰੂਰ : ਪੰਜਾਬ ਦੀ ਸਿਆਸਤ ਦੇ ਥੰਮ ਅਤੇ ਬਾਬਾ ਬੋਹੜ ਮੰਨੇ ਜਾਂਦੇ ਅਕਾਲੀ ਦਲ ਦੇ ਸਾਬਕਾ ਸੱਕਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅੱਜ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਉੱਭਾਵਾਲ ਵਿਖੇ ਕੀਤਾ ਗਿਆ। ਸੁਖਦੇਵ ਸਿੰਘ ਢੀਂਡਸਾ ਦੇ ਅੰਤਿਮ ਸਸਕਾਰ ਵੇਲੇ ਹਰ ਅੱਖ ਨਮ ਸੀ। ਉਨ੍ਹਾਂ ਦੀ ਅੰਤਿਮ ਵਿਦਾਈ ‘ਚ ਵੱਖ-ਵੱਖ ਸਿਆਸੀ ਸ਼ਖ਼ਸੀਅਤਾਂ ਅਤੇ ਹੋਰ ਆਗੂ ਸ਼ਾਮਲ ਹੋਏ।
ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ ਸਣੇ ਮਨਪ੍ਰੀਤ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਆਪ ਵਿਧਾਇਕਾ ਨਰਿੰਦਰ ਕੌਰ ਭਰਾਜ, ਬਿਕਰਮ ਮਜੀਠੀਆ, ਅਸ਼ਵਨੀ ਸ਼ਰਮਾ ਪ੍ਰਨੀਤ ਕੌਰ ਅਤੇ ਹੋਰ ਆਗੂ ਉਨ੍ਹਾਂ ਦੀ ਅੰਤਿਮ ਵਿਦਾਈ ‘ਚ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਬੀਤੇ ਦਿਨ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਦਰਸ਼ਨਾਂ ਲਈ ਰੱਖਿਆ ਗਿਆ ਸੀ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਲੋਕਾਂ ਦਾ ਸੜਕਾਂ ‘ਤੇ ਜਨ ਸੈਲਾਬ ਉਮੜ ਆਇਆ ਸੀ।