ਚੰਡੀਗੜ੍ਹ : ਵਿਧਾਨ ਸਭਾ ਦੇ ਬਜਟ ਇਜਲਾਸ ਦੀ ਦੂਜੇ ਦਿਨ ਕਾਰਵਾਈ ਦੌਰਾਨ ਭਾਰੀ ਹੰਗਾਮਾ ਹੋ ਗਿਆ। ਕਾਂਗਰਸ ਨੇ ਜ਼ੀਰੋ ਆਵਰ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ “ਤੇ ਪੱਖਪਾਤ ਦੇ ਦੋਸ਼ ਲਗਾਉਂਦਿਆਂ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਹੜੇ ਵਿਧਾਇਕ ਹੱਥ ਖੜ੍ਹਾ ਨਹੀਂ ਕਰਦੇ ਉਨ੍ਹਾਂ ਨੂੰ ਸਪੀਕਰ ਬਿਨਾਂ ਮੰਗੇ ਬੋਲਣ ਦਾ ਸਮਾਂ ਦੇ ਰਹੇ ਹਨ ਪਰ ਮੈਂਨੂੰ ਦਸ ਵਾਰ ਹੱਥ ਖੜ੍ਹਾ ਕਰਨ ਦੇ ਬਾਵਜੂਦ ਵੀ ਸਪੀਕਰ ਨੇ ਸਮਾਂ ਨਹੀਂ ਦਿੱਤਾ।
ਖਹਿਰਾ ਨੇ ਕਿਹਾ ਕਿ ਸਪੀਕਰ ਤਾਨਾਸ਼ਾਹੀ ਰਵੱਈਏ ਨਾਲ ਸਦਨ ਦੀ ਕਾਰਵਾਈ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਦੀ ਗੱਲ ਕਰਨ ਲਈ ਸਮਾਂ ਮੰਗ ਰਿਹਾ ਸੀ। ਮੈਂ ਵੀ ਲੋਕਾਂ ਦਾ ਨੁਮਾਇੰਦਾ ਹਾਂ ਅਤੇ ਲੋਕਾਂ ਨੇ ਚੁਣ ਕੇ ਮੈਨੂੰ ਸਦਨ ਵਿਚ ਭੇਜਿਆ ਹੈ। ਖਹਿਰਾ ਨੇ ਕਿਹਾ ਕਿ ਮੈਂ ਇਕ ਸਾਲ ਤੋਂ ਆਪਣੀ ਗੱਲ ਰੱਖਣ ਦੀ ਉਡੀ ਕਰ ਰਿਹਾ ਹਾਂ। ਪਹਿਲਾਂ ਪਰਗਟ ਸਿੰਘ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਹੁਣ ਮੇਰੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੁਲਡੋਜ਼ਰ ਐਕਸ਼ਨ ਦੌਰਾਨ ਕਿਸਾਨਾਂ ਦੀਆਂ 132 ਟਰਾਲੀਆਂ ਚੋਰੀ ਹੋਈਆਂ। ਇਸ ਤੋਂ ਇਲਾਵਾ ਕਿਸਾਨਾਂ ਦਾ ਵੱਡੇ ਪੱਧਰ “ਤੇ ਸਮਾਨ ਗਾਇਬ ਹੋਇਆ।