ਸਿਡਨੀ :- ਸਿਡਨੀ ਦੇ ਬਾਸ ਹਿੱਲ ਇਲਾਕੇ ਵਿੱਚ ਸ਼ਾਨੋ-ਸ਼ੌਕਤ ਨਾਲ ਆਰੰਭ ਹੋਈਆਂ 37ਵੀਆਂ ਸਿੱਖ ਖੇਡਾਂ ਦਾ ਦੂਸਰਾ ਦਿਨ ਰਿਕਾਰਡ ਦਰਸ਼ਕਾਂ ਦੇ ਇਕੱਠ ਦਾ ਰਿਹਾ। ਸਵੇਰ ਤੋਂ ਹੀ ਦਰਸ਼ਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਸੀ ਜੋ ਸ਼ਾਮ ਤੱਕ ਜਿਉਂ ਬਰ ਤਿਉਂ ਰਹੀ। ਸਿੱਖ ਖੇਡਾਂ ਵਿੱਚ ਛੋਟੇ ਬੱਚਿਆਂ ਅਤੇ ਵੱਡਿਆਂ ਨੇ ਖੇਡਾਂ ਵਿੱਚ ਆਪਣੀ ਗਿੱਧਾ ਭੰਗੜਾ ਦੀ ਪ੍ਰਾਫਰਮੈਂਸ ਨਾਲ ਦਰਸ਼ਕਾਂ ਦਾ ਦਿਲ ਟੁੰਬ ਲਿਆ। ਹਾਕੀ, ਵਾਲੀਬਾਲ, ਸੌਕਰ, ਕਬੱਡੀ , ਬਾਸਕਟਬਾਲ ਦੀਆਂ ਟੀਮਾਂ ਨੇ ਆਪਣੀਆਂ ਖੇਡਾਂ ਦਾ ਪ੍ਰਦਰਸ਼ਨ ਕੀਤਾ। ਲੰਗਰਾਂ ਦੇ ਪ੍ਰਬੰਧਾਂ ਨੇ ਦਰਸ਼ਕਾਂ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। 37ਵੀਆਂ ਸਿੱਖ ਖੇਡਾਂ ਵਿੱਚ ਪਹਿਲੀ ਵਾਰ ਵਾਲੀਬਾਲ ਵਿੱਚ ਕੁੜੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ।
ਖੇਡਾਂ ਨੂੰ ਸੰਪੂਰਨ ਰੂਪ ਵਿੱਚ ਨੇਪਰੇ ਚਾੜਨ ਲਈ ਆਸਟ੍ਰੇਲੀਆਈ ਸਰਕਾਰ, ਸਥਾਨਕ ਕੌਂਸਲ, ਪ੍ਰਸ਼ਾਸਨ, ਗੁਰੂ ਘਰਾਂ, ਖੇਡ ਕਲੱਬਾਂ ਅਤੇ ਸਿੱਖ ਭਾਈਚਾਰੇ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕਬੱਡੀ, ਹਾਕੀ, ਫੁੱਟਬਾਲ, ਰੱਸ਼ਾਕਸ਼ੀ, ਕ੍ਰਿਕਟ, ਦੌੜਾਂ, ਵਾਲੀਬਾਲ, ਨੈੱਟਬਾਲ, ਬੈਡਮਿੰਟਨ, ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਤਿੰਨ ਦਿਨਾ ਤੱਕ ਚੱਲਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ ਆਸਟ੍ਰੇਲੀਆਂ ਅਤੇ ਹੋਰ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਕਲੱਬ ਹਿੱਸਾ ਲੈ ਰਹੇ ਹਨ। ਖੇਡਾਂ ਦੌਰਾਨ ਕਰਵਾਏ ਜਾ ਰਹੇ ਸਿੱੱਖ ਫੋਰਮ ਅਤੇ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। 15 ਖੇਡਾਂ ਵਿੱਚ 6000 ਖਿਡਾਰੀਆਂ ਦੇ ਨਾਲ ਭਾਈਚਾਰੇ ਦੇ ਲੱਗਭੱਗ 1.5 ਲੱਖ ਲੋਕਾਂ ਵੱਲੋਂ ਆਨੰਦ ਮਾਣਿਆ ਜਾ ਰਿਹਾ ਹੈ।
ਇਹਨਾਂ ਖੇਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕਾਂ ਪਹੁੰਚ ਰਹੇ ਜਦੋਂ ਦਰਸ਼ਕਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇੰਝ ਲੱਗਦਾ ਹੈ ਕਿ ਅਸੀਂ ਸਿਡਨੀ ਨਹੀਂ ਸਗੋਂ ਪੰਜਾਬ ਦੇ ਕਿਸੇ ਮੇਲੇ ਵਿੱਚ ਆਏ ਹੋਏ ਹਾਂ ਸਾਨੂੰ ਇੱਥੇ ਆਪਣੇ ਮਿੱਤਰ ਸੱਜਣ ਨਾਲ ਰਿਸ਼ਤੇਦਾਰਾਂ ਨਾਲ ਮਿਲਣ ਦਾ ਇੱਕਠੇ ਹੋਣ ਦਾ ਬਹੁਤ ਵਧੀਆ ਮੌਕਾ ਮਿਲਿਆ ਹੈ।