ਇੰਟਰਨੈਸ਼ਨਲ – ਬੰਗਲਾਦੇਸ਼ ਵਿੱਚ ਹੋਈਆਂ 13ਵੀਆਂ ਸੰਸਦੀ ਚੋਣਾਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ। ਬੰਗਲਾਦੇਸ਼ ਨੇਸ਼ਨਲਿਸਟ ਪਾਰਟੀ (BNP) ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਤਾਰਿਕ ਰਹਿਮਾਨ ਨੇ 17 ਸਾਲਾਂ ਬਾਅਦ ਦੇਸ਼ ਦੀ ਸਿਆਸਤ ਵਿੱਚ ਧਮਾਕੇਦਾਰ ਵਾਪਸੀ ਕੀਤੀ ਹੈ। ਤਾਰਿਕ ਰਹਿਮਾਨ ਨੇ ਦੋ ਮਹੱਤਵਪੂਰਨ ਸੀਟਾਂ—ਢਾਕਾ-17 ਅਤੇ ਬੋਗਰਾ-6—ਤੋਂ ਗੈਰ-ਅਧਿਕਾਰਤ ਤੌਰ ‘ਤੇ ਜਿੱਤ ਦਰਜ ਕਰ ਲਈ ਹੈ।
ਰਾਜਨੀਤਿਕ ਮਾਹਿਰਾਂ ਅਨੁਸਾਰ ਤਾਰਿਕ ਰਹਿਮਾਨ ਦੀ ਇਹ ਜਿੱਤ ਬੰਗਲਾਦੇਸ਼ ਦੀ ਸਿਆਸਤ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ, ਖ਼ਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਚੋਣ ਮੈਦਾਨ ਵਿੱਚੋਂ ਪੂਰੀ ਤਰ੍ਹਾਂ ਬਾਹਰ ਹੈ। ਇਸ ਵਾਰ ਮੁੱਖ ਮੁਕਾਬਲਾ ਤਾਰਿਕ ਦੀ ਬੀ.ਐਨ.ਪੀ. ਅਤੇ ਜਮਾਤ-ਏ-ਇਸਲਾਮੀ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿੱਚ ਸ਼ੁਰੂਆਤੀ ਰੁਝਾਨਾਂ ਮੁਤਾਬਕ ਬੀ.ਐਨ.ਪੀ. ਲਗਾਤਾਰ ਬੜ੍ਹਤ ਬਣਾਈ ਹੋਈ ਹੈ।
ਚੋਣਾਂ ਵਾਲੇ ਦਿਨ ਤਾਰਿਕ ਰਹਿਮਾਨ ਨੇ ਰਾਜਧਾਨੀ ਢਾਕਾ ਦੇ ਗੁਲਸ਼ਨ ਮਾਡਲ ਹਾਈ ਸਕੂਲ ਐਂਡ ਕਾਲਜ ਵਿਖੇ ਸਵੇਰੇ ਕਰੀਬ 9:30 ਵਜੇ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਜੁਬੈਦਾ ਰਹਿਮਾਨ ਅਤੇ ਬੇਟੀ ਜ਼ਾਇਮਾ ਰਹਿਮਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਜਨਤਾ ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਹੁਣ ਲੋਕਾਂ ਨੇ ਆਪਣੇ ਲੋਕਤੰਤਰੀ ਅਧਿਕਾਰ ਮੁੜ ਹਾਸਲ ਕਰ ਲਏ ਹਨ।

