Saturday, April 19, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjab ਤਰੁਨਪ੍ਰੀਤ ਸਿੰਘ ਸੌਂਦ ਨੇ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਮੈਰਾਥਨ ਵਿੱਚ ਲਿਆ ਹਿੱਸਾ

 ਤਰੁਨਪ੍ਰੀਤ ਸਿੰਘ ਸੌਂਦ ਨੇ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਮੈਰਾਥਨ ਵਿੱਚ ਲਿਆ ਹਿੱਸਾ

 

ਚੰਡੀਗੜ੍ਹ/ਮੰਡੀ ਗੋਬਿੰਦਗੜ੍ਹ, 18 ਅਪ੍ਰੈਲ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੀਰਵਾਰ ਸਵੇਰੇ ਇਨਡੋਰ ਸਟੇਡੀਅਮ ਤੋਂ ਸ਼ੁਰੂ ਕਰਵਾਈ ਮੈਰਾਥਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਲਾਜ਼ਮੀ ਹੈ ਪਰ ਹਰ ਮੁਹਿੰਮ ਦੀ ਸਫਲਤਾ ਲਈ ਨੌਜਵਾਨਾਂ ਦਾ ਯੋਗਦਾਨ ਅਹਿਮ ਹੁੰਦਾ ਹੈ ਤੇ ਪੰਜਾਬ ਦੇ ਨੌਜਵਾਨ ਹੁਣ ਇਸ ਬੁਰਾਈ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਈ ਪ੍ਰੋਗਰਾਮ ਵੱਡੇ ਪੱਧਰ ਉੱਤੇ ਚੱਲ ਰਹੇ ਹਨ। ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਸਬ ਕਮੇਟੀ ਬਣਾਈ ਗਈ ਹੈ ਤੇ ਉਹ ਖੁਦ ਇਸ ਕਮੇਟੀ ਦਾ ਹਿੱਸਾ ਹਨ। ਇਸ ਕਮੇਟੀ ਵੱਲੋਂ ਰੋਜ਼ਾਨਾ ਪੱਧਰ ‘ਤੇ ਨਸ਼ਿਆਂ ਖਿਲਾਫ ਜੰਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਂਦਾ ਹੈ। 1 ਮਾਰਚ 2025 ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਵੱਡੀ ਗਿਣਤੀ ਤਸਕਰ ਫੜ੍ਹੇ ਗਏ ਹਨ ਤੇ ਉਨ੍ਹਾਂ ਦੀਆਂ ਨਾਜ਼ਾਇਜ਼ ਉਸਾਰੀਆਂ ਢਾਹੀਆਂ ਜਾ ਰਹੀਆਂ ਹਨ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਅਦਾਕਾਰਾਂ ਵੱਲੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਨਾਲ ਨੌਜਵਾਨਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ, ਜਿਸ ਲਈ ਉਨ੍ਹਾਂ ਨੇ ਮੈਰਾਥਨ ਵਿੱਚ ਪੁੱਜੇ ਅਦਾਕਾਰਾਂ ਕਰਮਜੀਤ ਅਨਮੋਲ, ਦੇਵ ਖਰੌੜ ਤੇ ਬੀਨੂੰ ਢਿੱਲੋਂ  ਦਾ ਧੰਨਵਾਦ ਕੀਤਾ। ਮੈਰਾਥਨ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਨਸ਼ਿਆਂ ਤੋਂ ਸਭਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਆਸ-ਪਾਸ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਉਸ ਨੂੰ ਸਹੀ ਰਾਹ ਉੱਤੇ ਲੈ ਕੇ ਆਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਜਾਂ ਸੌਦਾਗਰਾਂ ਦੀ ਜਾਣਕਾਰੀ ਤੁਰੰਤ ਬਿਨਾਂ ਕਿਸੇ ਡਰ ਦੇ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੈਰਾਥਨ ਵਿਚ ਹਜ਼ਾਰਾਂ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ ਹੁਣ ਪੰਜਾਬ ਸਰਕਾਰ ਦਾ ਸਾਥ ਦਿੰਦੀ ਹੋਈ ਨਸ਼ਿਆਂ ਦਾ ਖਾਤਮਾ ਕਰ ਕੇ ਹੀ ਦਮ ਲਵੇਗੀ।

ਮੈਰਾਥਨ ਕਰਵਾਉਣ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦਾ ਮੁੱਖ ਯੋਗਦਾਨ ਰਿਹਾ। ਇਸ ਮੌਕੇ ਕੌਮਾਂਤਰੀ ਨਿਸ਼ਾਨੇਬਾਜ਼ ਅਰਜੁਨ ਚੀਮਾ ਨੇ ਵੀ ਹਾਜ਼ਰੀ ਲਗਵਾਈ ਤੇ ਨੌਜਵਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ।

ਸਮਾਗਮ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਵੀ ਵਿਚਾਰ ਸਾਂਝੇ ਕੀਤੇ। ਦੌੜ ਜਿੱਤਣ ਵਾਲਿਆਂ ਨੂੰ ਇਨਾਮਾਂ ਤੇ ਮੈਡਲਾਂ ਨਾਲ ਨਿਵਾਜਿਆ ਗਿਆ।