ਫਰੀਦਕੋਟ- ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਸ਼ਾਮ ਫਰੀਦਕੋਟ-ਫਿਰੋਜ਼ਪੁਰ ਰੋਡ ‘ਤੇ ਪਿੰਡ ਪਿਪਲੀ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਇੱਕ ਮਹੀਨੇ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਿਕ ਇੱਕ ਪਰਿਵਾਰ ਫ਼ਰੀਦਕੋਟ ਵੱਲੋਂ ਇੱਕ ਆਲਟੋ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਫਿਰੋਜ਼ਪੁਰ ਵੱਲੋਂ ਆਉਂਦੇ ਇੱਕ ਟਰੱਕ ਨੇ ਕਾਰ ਨੂੰ ਸਾਹਮਣੇ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਇਸੇ ਟੱਕਰ ਕਾਰਨ ਇਕ ਰਿਕਸ਼ਾ ਵੀ ਚਪੇਟ ‘ਚ ਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ‘ਚ ਬੈਠੀ ਇਕ ਮਹੀਨੇ ਦੀ ਮਾਸੂਮ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਸਾਰੀਆਂ ਸਵਾਰੀਆਂ ਅਤੇ ਇੱਕ ਰਿਕਸ਼ਾ ਚਾਲਕ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।
ਟੱਕਰ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਟਰੱਕ ਭਜਾ ਕੇ ਲੈ ਗਿਆ, ਜਿਸ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਪਿੰਡ ਵਾਸੀਆਂ ਮੁਤਾਬਿਕ ਕਾਰ ‘ਚੋਂ ਬਹੁਤ ਹੀ ਮੁਸ਼ਕਿਲ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ‘ਚੋਂ ਕਾਰ ਚਾਲਕ ਦੀਆ ਲੱਤਾਂ ਟੁੱਟ ਗਈਆਂ ਇੱਕ ਮਹਿਲਾ ਦੇ ਸਿਰ ‘ਚ ਗੰਭੀਰ ਸੱਟ ਲੱਗੀ ਹੈ।