ਜਲੰਧਰ – ਬੀਤੇ ਦਿਨ ਹੋਟਲ ਮੈਰੀਟਨ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਹਾਦਸੇ ਤੋਂ ਬਾਅਦ ਜਲੰਧਰ-ਫਗਵਾੜਾ ਹਾਈਵੇ ਰੋਡ ’ਤੇ ਲੰਮਾ ਜਾਮ ਲੱਗ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਟੈਂਕਰ ਤੇ ਟਰੈਕਟਰ ਵਿਚਾਲੇ ਹੋਇਆ। ਇਨ੍ਹਾਂ ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੇ ਦੋ ਹਿੱਸੇ ਹੋ ਗਏ। ਹਾਲਾਂਕਿ ਖ਼ੁਸ਼ਕਿਸਮਤੀ ਇਹ ਰਹੀ ਕਿ ਟਰੈਕਟਰ ਚਾਲਕ ਬਾਲ-ਬਾਲ ਬਚ ਗਿਆ।
ਟਰੈਕਟਰ ਚਾਲਕ ਨੇ ਦੋਸ਼ ਲਾਇਆ ਕਿ ਇਹ ਹਾਦਸਾ ਟੈਂਕਰ ਚਾਲਕ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ। ਉਸ ਨੇ ਦੱਸਿਆ ਕਿ ਤੇਜ਼ ਰਫ਼ਕਾਰ ਟੈਂਕਰ ਨੇ ਪਿੱਛੋਂ ਆ ਕੇ ਉਸ ਦੇ ਟਰੈਕਟਰ ਵਿਚ ਟੱਕਰ ਮਾਰੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਟੈਂਕਰ ਦੇ ਟਾਇਰ ਵਿਚ ਫਸ ਗਿਆ। ਉਸ ਨੇ ਦੂਜੇ ਪਾਸੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਹਾਈਵੇ ’ਤੇ ਜਾਮ ਲੱਗੇ ਹੋਣ ਵੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਕਰੇਨ ਦੀ ਮਦਦ ਨਾਲ 2 ਹਿੱਸਿਆਂ ’ਚ ਹੋਏ ਟਰੈਕਟਰ ਨੂੰ ਸਾਈਡ ’ਤੇ ਕਰਵਾਇਆ , ਜਿਸ ਤੋਂ ਬਾਅਦ ਹੌਲੀ-ਹੌਲੀ ਜਾਮ ਹਟਣਾ ਸ਼ੁਰੂ ਹੋ ਗਿਆ। ਹਾਦਸੇ ਨੂੰ ਲੈ ਕੇ ਸਬੰਧਤ ਪੁਲਸ ਸਟੇਸ਼ਨ ਜਲੰਧਰ ਕੈਂਟ ਨੂੰ ਕੋਈ ਜਾਣਕਾਰੀ ਨਹੀਂ ਸੀ।