ਜਲੰਧਰ : ਜਲੰਧਰ ਵਿਚ ਫ਼ੌਜ ਦੇ ਟਰੱਕ ਨਾਲ ਭਿਆਨਕ ਹਾਦਸਾ ਵਾਪਰ ਗਿਆ ਹੈ। 16 ਟਾਇਰਾਂ ਵਾਲੇ ਟਰੱਕ ਦੀ ਟੱਕਰ ਨਾਲ ਇਹ ਟਰੱਕ 5 ਪਲਟੀਆਂ ਖਾ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ।
ਜਾਣਕਾਰੀ ਮੁਤਾਬਕ ਪੈਰਾ ਮਿਲਟਰੀ ਫ਼ੋਰਸ ਇਹ ਟਰੱਕ ਜਲੰਧਰ ਕੈਂਟ ਤੋਂ ਆ ਰਿਹਾ ਸੀ ਜਿਸ ਵਿਚ 5 ਜਵਾਨ ਸਵਾਰ ਸਨ। ਸੁੱਚੀ ਪਿੰਡ ਨੇੜੇ ਇਸ ਟਰੱਕ ਦੀ ਇਕ ਦੂਜੇ ਟਰੱਕ ਨਾਲ ਟੱਕਰ ਹੋ ਗਈ, ਜਿਸ ਨਾਲ ਫ਼ੌਜ ਦਾ ਟਰੱਕ 5 ਪਲਟੀਆਂ ਖਾ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਰਾਮਾਮੰਡੀ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਫ਼ੌਜ ਦੇ ਜ਼ਖ਼ਮੀ ਹੋਏ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ ਕਿ ਫ਼ੌਜ ਦੀ ਗੱਡੀ ਨਾਲ ਹਾਦਸਾ ਵਾਪਰਿਆ ਹੈ। ਮੌਕੇ ‘ਤੇ ਪਹੁੰਚ ਕੇ ਪਤਾ ਲੱਗਿਆ ਕਿ ਫ਼ੌਜ ਦੀ ਗੱਡੀ ਪੀ.ਏ.ਪੀ. ਚੌਕ ਤੋਂ ਪਠਾਨਕੋਟ ਚੌਕ ਵੱਲ ਜਾ ਰਹੀ ਸੀ ਅਤੇ ਉਸ ਵਿਚ 5 ਜਵਾਨ ਸਵਾਰ ਸਨ। ਉਸ ਨੂੰ ਪਿੱਛਿਓਂ 16 ਟਾਇਰਾਂ ਵਾਲੇ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਫ਼ੌਜ ਦਾ ਟਰੱਕ ਪਲਟ ਗਿਆ ਤੇ ਜਵਾਨ ਜ਼ਖ਼ਮੀ ਹੋ ਗਏ।