ਪ੍ਰਕਾਸ਼ਮ- ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਇਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ 2 ਔਰਤਾਂ ਸਣੇ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਹਾਦਸਾ ਦੁਪਹਿਰ ਕਰੀਬ 1.40 ਵਜੇ ਪ੍ਰਕਾਸ਼ਮ ਜ਼ਿਲ੍ਹੇ ਦੇ ਕੋਮਾਰੋਲੁ ਮੰਡਲ ਦੇ ਮੋਟੂ ਪਿੰਡ ‘ਚ ਕਡੱਪਾ, ਗਿੱਡਾਲੁਰੂ, ਮਰਕਾਪੁਰ ਅਤੇ ਹੋਰ ਥਾਵਾਂ ਨੂੰ ਜੋੜਣ ਵਾਲੇ ਹਾਈਵੇਅ ‘ਤੇ ਵਾਪਰਿਆ।
ਪ੍ਰਕਾਸ਼ਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਏ.ਆਰ. ਦਾਮੋਦਰ ਨੇ ਦੱਸਿਆ ਕਿ ਜਿਸ ਸਮੇਂ ਹਾਦਸਾ ਹੋਇਆ, ਉਦੋਂ ਇਹ ਲੋਕ ਮਹਾ ਨੰਦੀ ਤੋਂ ਤੀਰਥ ਯਾਤਰਾ ਤੋਂ ਪਰਤ ਰਹੇ ਸਨ। ਸਾਰੇ ਸਟੁਅਰਟਪੁਰਮ ਪਿੰਡ ਦੇ ਵਾਸੀ ਸਨ। ਦਾਮੋਦਰ ਨੇ ਦੱਸਿਆ,”ਉਲਟ ਦਿਸ਼ਾ ਤੋਂ ਆ ਰਹੀ ਕਾਰ ਟਰੱਕ ਨਾਲ ਟਕਰਾ ਗਈ। 6 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ ‘ਤੇ ਹੀ ਮੌਤ ਹੋ ਗਈ।” ਉਨ੍ਹਾਂ ਖ਼ਦਸ਼ਾ ਜਤਾਇਆ ਕਿ ਡਰਾਈਵਰ ਨੂੰ ਨੀਂਦ ਆ ਗਈ ਸੀ।