ਸੂਬੇ ’ਚ ਸੜਕ ਹਾਦਸੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਏ ਤੋਂ ਸਾਹਮਣੇ ਆਇਆ ਜਿੱਥੇ ਇੱਕ ਤੇਜ਼ ਰਫਤਾਰ ਕਾਰ ਦੀ ਸਕੂਲੀ ਬੱਚਿਆਂ ਦੀ ਵੈਨ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਸਕੂਲ ਵੈਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਸਕੂਲ ਵੈਨ ਬੱਚਿਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ ਅਤੇ ਵੈਨ ’ਚ ਕੋਈ ਵੀ ਬੱਚਾ ਨਹੀਂ ਸੀ। ਨਹੀਂ ਤਾਂ ਹੋਰ ਵੀ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਹਾਦਸੇ ਦੌਰਾਨ ਕਾਰ ਤੇ ਸਕੂਲ ਵੈਨ ਦੋਵੇ ਬੁਰੀ ਤਰ੍ਹਾਂ ਨੁਕਸਾਨੇ ਗਏ।
ਜਾਣਕਾਰੀ ਮੁਤਾਬਕ ਸਵੇਰੇ 8 ਵਜੇ ਦੇ ਕਰੀਬ ਵੈਨ ਚਾਲਕ ਰਾਜੂ ਬੱਚਿਆਂ ਨੂੰ ਸਕੂਲ ’ਚ ਛੱਡ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਦੂਜੇ ਪਾਸੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਆਲਟੋ ਕਾਰ ਨੇ ਡਿਵਾਇਡਰ ਪਾਰ ਕਰਦੇ ਹੋਏ ਸਿੱਧਾ ਵੈਨ ਦੇ ਨਾਲ ਟੱਕਰ ਮਾਰ ਦਿੱਤੀ। ਇਹ ਟੱਕਰ ਐਨੀਂ ਭਿਆਨਕ ਸੀ ਕਿ ਟੱਕਰ ਚਾਲਕ ਰਾਜੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਾਦਸੇ ਉਪਰੰਤ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪਰਿਵਾਰ ਮੁਤਾਬਕ ਹਾਦਸੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ, ਇਸ ਤੋਂ ਬਾਅਦ ਰੋਸ ਵਿੱਚ ਪਰਿਵਾਰ ਅਤੇ ਉਨ੍ਹਾਂ ਦੇ ਸਮਰੱਥਕਾਂ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਸੜਕ ਤੇ ਧਰਨਾ ਦਿੱਤਾ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।