ਮੱਧ ਪ੍ਰਦੇਸ਼ ਦੇ ਰਾਜਗੜ੍ਹ ‘ਚ ਫੌਜ ਦੇ ਟਰੱਕ, ਯਾਤਰੀ ਬੱਸ ਅਤੇ ਕਾਰ ਦੀ ਟੱਕਰ ਦੌਰਾਨ ਵੱਡਾ ਹਾਦਸਾ ਵਾਪਰਿਆ। ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ ਤੇ 15 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸੋਮਵਾਰ ਸਵੇਰੇ ਕਰੀਬ 10 ਵਜੇ ਰਾਜਗੜ੍ਹ ਜ਼ਿਲ੍ਹਾ ਹੈੱਡਕੁਆਰਟਰ ਤੋਂ 110 ਕਿਲੋਮੀਟਰ ਦੂਰ ਪਿਲੁਖੇੜੀ ਪਿੰਡ ਨੇੜੇ ਵਾਪਰਿਆ। ਹਾਦਸੇ ਦੀ ਜਾਣਕਾਰੀ ਦਿੰਦਿਆਂ ਐਸਡੀਓਪੀ ਉਪੇਂਦਰ ਭਾਟੀ ਨੇ ਦੱਸਿਆ ਕਿ ਫੌਜ ਦਾ ਟਰੱਕ ਅਤੇ ਕਾਰ ਭੋਪਾਲ ਤੋਂ ਬਿਆਰਾ ਵੱਲ ਆ ਰਹੇ ਸੀ ਤਾਂ ਕਾਰ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਦਾ ਅਗਲਾ ਹਿੱਸਾ ਟਰੱਕ ਦੇ ਅਗਲੇ ਹਿੱਸੇ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਟਰੱਕ ਆਪਣਾ ਸੰਤੁਲਨ ਗੁਆ ਕੇ ਸੜਕ ਦੀ ਦੂਜੀ ਲੇਨ ’ਚ ਜਾ ਵੜਿਆ। ਦੂਜੀ ਲੇਨ ਚ ਟਰੱਕ ਦੇ ਦਾਖਲ ਹੁੰਦੇ ਹੀ ਸਾਹਮਣੇ ਤੋਂ ਆ ਰਹੀ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਜਾਣਕਾਰੀ ਮੁਤਬਾਕ ਟੱਕਰ ਇੰਨੀ ਭਿਆਨਕ ਸੀ ਕਿ ਤਿੰਨੋਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਕੁਰਾਵਰ ਥਾਣਾ ਇੰਚਾਰਜ ਮਹਿਤਾਬ ਸਿੰਘ ਮੁਤਾਬਕ ਹਾਦਸੇ ‘ਚ ਬੱਸ ਦੇ ਕਲੀਨਰ ਓਮ ਕੋਰੀ ਵਾਸੀ ਗੁਨਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਹੋਰ ਜ਼ਖਮੀ ਬੱਸ ਸਵਾਰ ਹਰੀਓਮ ਸ਼ਿਵਹਰੇ ਵਾਸੀ ਨਰਸਿੰਘਗੜ੍ਹ ਦੀ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ। ਥਾਣਾ ਇੰਚਾਰਜ ਸਿੰਘ ਨੇ ਇਹ ਵੀ ਦੱਸਿਆ ਕਿ 15 ਜ਼ਖਮੀਆਂ ‘ਚ ਫੌਜ ਦੇ 3 ਜਵਾਨ ਸ਼ਾਮਲ ਹਨ। ਜਿਨ੍ਹਾਂ ਦਾ ਇਲਾਜ ਭੋਪਾਲ ਦੇ ਆਰਮੀ ਹਸਪਤਾਲ ‘ਚ ਚੱਲ ਰਿਹਾ ਹੈ ਜਦਕਿ ਬਾਕੀ ਜ਼ਖਮੀਆਂ ਦਾ ਇਲਾਜ ਹਮੀਦੀਆ ਹਸਪਤਾਲ ‘ਚ ਚੱਲ ਰਿਹਾ ਹੈ।