ਖੰਨਾ : ਖੰਨਾ ਜ਼ਿਲ੍ਹੇ ਦੇ ਮਲੌਦ ਇਲਾਕੇ ਵਿਚ ਇਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ, ਜਿਸ ਤੇ ਪਿੰਡ ‘ਚ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸਤਪਾਲ ਕੌਰ (37) ਵਾਸੀ ਸਿਆੜ ਵਜੋਂ ਹੋਈ ਹੈ।
ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਐੱਫ.ਆਈ.ਆਰ. ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ। ਪਰਿਵਾਰ ਚਲਾਉਣ ਵਿਚ ਉਹ ਆਪਣੇ ਪਤੀ ਦੀ ਵੀ ਮਦਦ ਕਰਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਬਬਲੂ 1995 ਤੋਂ ਪਿੰਡ ‘ਚ ਰਹਿ ਰਿਹਾ ਹੈ। ਉਹ ਮਕਾਨ ਮਾਲਕ ਲਈ ਕੰਮ ਕਰਦਾ ਸੀ। ਸਤਪਾਲ ਕੌਰ ਮਨਰੇਗਾ ਵਿਚ ਕੰਮ ਕਰਦੀ ਸੀ। ਦੋਵਾਂ ਦੀ ਜਾਣ-ਪਛਾਣ ਕਰੀਬ 3 ਸਾਲ ਪਹਿਲਾਂ ਹੋਈ ਸੀ। ਜਿਸ ਕਾਰਨ ਬਬਲੂ ਕਦੇ-ਕਦਾਈਂ ਉਸ ਦੇ ਘਰ ਜਾਂਦਾ ਸੀ। ਦੋਵਾਂ ਵਿਚਾਲੇ ਪ੍ਰੇਮ ਸਬੰਧਾਂ ਦੀ ਵੀ ਚਰਚਾ ਹੈ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸੀ ਲੜਾਈ ਹੋ ਗਈ। ਸਤਪਾਲ ਕੌਰ ਨੇ ਵੀਰਵਾਰ ਰਾਤ ਕਰੀਬ 8 ਵਜੇ ਆਪਣੇ ਪਰਿਵਾਰ ਨਾਲ ਡਿਨਰ ਕੀਤਾ। ਜਿਸ ਤੋਂ ਬਾਅਦ ਬਬਲੂ ਨੇ ਗੱਲ ਕਰਨ ਦੇ ਬਹਾਨੇ ਸਤਪਾਲ ਨੂੰ ਘਰੋਂ ਬਾਹਰ ਬੁਲਾ ਲਿਆ।
ਪਿੰਡ ਦੀ ਸੁੰਨਸਾਨ ਥਾਂ ’ਤੇ ਸਤਪਾਲ ਕੌਰ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਸਤਪਾਲ ਦੇ ਪਤੀ ਰਾਜੂ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਪਿੰਡ ਦੇ ਸਾਬਕਾ ਸਰਪੰਚ ਨੇ ਉਸ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਦੀ ਪਤਨੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਰਾਜੂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮਾਮਲੇ ਵਿਚ ਪਾਇਲ ਦੇ ਡੀ.ਐੱਸ.ਪੀ. ਦੀਪਕ ਰਾਏ ਨੇ ਕਿਹਾ ਕਿ ਜਲਦੀ ਹੀ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਦਾ ਖ਼ੁਲਾਸਾ ਕੀਤਾ ਜਾਵੇਗਾ।