ਮੁੱਲਾਂਪੁਰ ਦਾਖਾ : ਪਿੰਡ ਹਸਨਪੁਰ ਵਿਖੇ ਬੀਤੀ ਸ਼ਾਮ ਕਰੀਬ 5 ਵਜੇ ਇਕ ਪ੍ਰਵਾਸੀ ਮਜ਼ਦੂਰ ਦਾ ਬੱਚਾ ਪਤੰਗ ਲੁੱਟਦਾ-ਲੁੱਟਦਾ ਖੇਤਾਂ ਵਿਚ ਜਾ ਵੜਿਆ ਜਿੱਥੇ ਅਵਾਰਾ ਖੂੰਖਾਰ ਕੁੱਤਿਆਂ ਨੇ ਨੋਚ-ਨੋਚ ਕੇ ਉਸ ਨੂੰ ਖਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ 24 ਸਾਲਾਂ ਤੋਂ ਬਿਹਾਰ ਤੋਂ ਆ ਕੇ ਪਿੰਡ ਹਸਨਪੁਰ ਵਿਖੇ ਰਹਿ ਰਹੇ ਪ੍ਰਵਾਸੀ ਮਜ਼ਦੂਰ ਸ਼ੰਕਰ ਜੋ ਕਿ ਡੈਕੋਰੇਸ਼ਨ ਦਾ ਕੰਮ ਕਰਦਾ ਹੈ ਅਤੇ ਚਾਹ ਦਾ ਖੋਖਾ ਲਗਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ, ਦਾ ਬੱਚਾ ਅਰਜੁਨ ਆਪਣੇ ਦੋਸਤਾਂ ਨਾਲ ਪਤੰਗ ਲੁੱਟ ਰਿਹਾ ਸੀ ਅਤੇ ਉਹ ਪਤੰਗ ਲੁੱਟਦਾ-ਲੁੱਟਦਾ ਦੋਸਤਾਂ ਨੂੰ ਛੱਡ ਇਕੱਲਾ ਹੀ ਇਕੱਠੇ ਕੀਤੇ ਹੋਏ ਪਤੰਗਾਂ ਨਾਲ ਇਕ ਹੋਰ ਪਤੰਗ ਨੂੰ ਲੁੱਟਣ ਲਈ ਖੇਤਾਂ ਵਿਚ ਜਾ ਵੜਿਆ।
ਇਸ ਦੌਰਾਨ ਅਵਾਰਾ ਖੂੰਖਾਰ ਕੁੱਤਿਆਂ ਨੇ ਬੱਚੇ ਨੂੰ ਘੇਰ ਲਿਆ ਅਤੇ ਉਸਨੂੰ ਨੋਚ-ਨੋਚ ਕੇ ਖਾ ਗਏ। ਮ੍ਰਿਤਕ ਬੱਚੇ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਚਾਰ ਬੱਚੇ ਹਨ ਜਿਨਾਂ ਵਿਚੋਂ ਤਿੰਨ ਲੜਕੇ ਅਤੇ ਇਕ ਲੜਕੀ ਹੈ ਅਤੇ ਅਰਜਨ ਸਭ ਤੋਂ ਵੱਡਾ ਬੱਚਾ ਸੀ ਜੋ ਕਿ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਸਿਰਫ ਦੋ ਰੁਪਏ ਦੇ ਪਤੰਗ ਨੇ ਉਸਦੀ ਜਾਨ ਲੈ ਲਈ ਹੈ। ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।