ਲਿਲੋਂਗਵੇ : ਮਲਾਵੀ ਵਿਚ ਭਿਆਨਕ ਜਹਾਜ਼ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਤ ਦਾ ਖ਼ਦਸ਼ਾ ਹੈ। C210 ਕਿਸਮ ਦਾ ਇਕ ਛੋਟਾ ਵਿਮਾਨ ਰਾਜਧਾਨੀ ਲਿਲੋਂਗਵੇ ਤੋਂ ਤਕਰੀਬਨ 200 ਕਿੱਲੋਮੀਟਰ ਉੱਤਰ ਪੁਰਬ ਵਿਚ ਨਖੋਟਾਕੋਟਾ ਜ਼ਿਲ੍ਹੇ ਵਿਚ ਮਲਾਵੀ ਝੀਲ ਵਿਚ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਵਿਮਾਨ ਵਿਚ ਚਾਲਕ ਦਲਦਾ ਇਕ ਮੈਂਬਰ ਅਤੇ 2 ਯਾਤਰੀ ਸਵਾਰ ਸਨ।
ਮਲਾਵੀ ਸਰਕਾਰ ਦੇ ਮੁੱਖ ਬੁਲਾਰੇ ਮੋਸੇਸ ਕੁੰਕੁਯੂ ਨੇ ਮੰਗਲਵਾਰ ਸ਼ਾਮ ਨੂੰ ਇਕ ਬਿਆਨ ਵਿਚ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਯਾਤਰੀਆਂ ਵਿਚੋਂ ਇਕ ਡਚ ਔਰਤ ਨੂੰ ਇੱਥੋਂ ਦੇ ਸਥਾਨਕ ਮਛੁਆਰਿਆਂ ਵੱਲੋਂ ਬਚਾਇਆ ਗਿਆ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਉਂਦੇ ਬਚੇ ਵਿਅਕਤੀ ਦਾ ਜ਼ਿਲ੍ਹੇ ਦੇ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਕੁੰਕੁਯੂ ਨੇ ਕਿਹਾ ਕਿ ਵਿਮਾਨ ਨੂੰ ਪਾਣੀ ਦੀ ਸਤ੍ਹਾ ਦੇ ਹੇਠਾਂ ਵੇਖਿਆ ਗਿਆ ਹੈ ਤੇ ਬਚਾਅ ਕਾਰਜ ਜਾਰੀ ਹਨ।