ਜੈਪੁਰ – ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ‘ਚ ਇਕ ਕਾਰ ਨੇ 2 ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਜਿਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਬੁੱਧਵਾਰ ਰਾਤ ਸੂਰਤਗੜ੍ਹ-ਅਨੂਪਗੜ੍ਹ ਸਟੇਟ ਹਾਈਵੇਅ ‘ਤੇ ਵਾਪਰਿਆ, ਜਦੋਂ ਪੀੜਤ ਇਕ ਧਾਰਮਿਕ ਪ੍ਰੋਗਰਾਮ ‘ਚ ਹਿੱਸਾ ਲੈਣ ਤੋਂ ਬਾਅਦ ਪਰਤ ਰਹੇ ਸਨ।
ਬਿਜੈ ਨਗਰ ਥਾਣਾ ਇੰਚਾਰਜ ਗੋਵਿੰਦ ਰਾਮ ਨੇ ਕਿਹਾ,”ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਤਿੰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।” ਉਨ੍ਹਾਂ ਦੱਸਿਆ ਕਿ ਕਾਰ ਡਰਾਈਵਰ ਕਾਰ ਛੱਡ ਕੇ ਫਰਾਰ ਹੋ ਗਿਆ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਤਾਰਾਚੰਦ (20), ਮਨੀਸ਼ (24), ਸੁਨੀਲ ਕੁਮਾਰ (20), ਰਾਹੁਲ (20), ਸ਼ੁਭਕਰਨ (19) ਅਤੇ ਬਲਰਾਮ (20) ਵਜੋਂ ਹੋਈ ਹੈ