ਸੂਬੇ ’ਚ ਲਗਾਤਾਰ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ। ਸਪੱਸ਼ਟ ਤੌਰ ’ਤੇ ਹਾਦਸਿਆਂ ਦਾ ਕਾਰਨ ਸੜਕਾਂ ’ਤੇ ਵੱਧਦੇ ਵਾਹਨ ਅਤੇ ਲਾਪਰਵਾਹੀ ਹੈ। ਅਕਸਰ ਹੀ ਤੇਜ਼ ਰਫ਼ਤਾਰ ਲਾਪਰਵਾਹੀ ਦਾ ਕਾਰਨ ਬਣਦੀ ਹੈ ਤੇ ਮਾਲੀ ਨੁਕਸਾਨ ਦੇ ਸਮੇਤ ਕਈ ਜਾਨਾਂ ਲੈ ਬੈਠਦੀ ਹੈ। ਇਸੇ ਤਰ੍ਹਾਂ ਲੁਧਿਆਣਾ ’ਚ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਦੇਰ ਰਾਤ 11 ਵਜੇ ਇੱਕ ਤੇਜ ਰਫਤਾਰ ਪਿਕਅਪ ਇੱਕ ਤੋਂ ਬਾਅਦ ਇੱਕ ਦੋ ਮੋਟਰਸਾਈਕਲਾਂ ਨਾਲ ਜਾ ਟਕਰਾਈ। ਜਿਸ ਤੋਂ ਬਾਅਦ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਬੈਲੈਂਸ ਨਹੀਂ ਬਣ ਸਕਿਆ ਤੇ ਇੱਕ ਮੋਟਰਸਾਈਕਲ ਸਵਾਰ ਫਲਾਈ ਓਵਰ ਤੋਂ ਹੇਠਾਂ ਡਿੱਗ ਪਿਆ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਦੂਜਾ ਮੋਟਰਸਾਇਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਜ਼ਖ਼ਮੀ ਹਾਲਤ ਵਿੱਚ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਹਾਲਾਂਕਿ ਮੌਕੇ ’ਤੇ ਪਿਕਅਪ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਪਰ ਇੱਕ ਮਾਸੂਮ ਜਾਨ ਚਲੀ ਗਈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਦੇਰ ਰਾਤ ਮਹਿੰਦਰਾ ਪਿਕ ਵੱਲੋਂ ਦੋ ਮੋਟਰਸਾਈਕਲਾਂ ਨਾਲ ਟੱਕਰ ਮਾਰੀ ਗਈ, ਜਿਸ ਦੇ ਵਿੱਚੋਂ ਇੱਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਸਰਾ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ। ਇਸ ਦੇ ਨਾਲ ਹੀ ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।