ਜਲੰਧਰ –21 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਲਗਭਗ 20 ਦਿਨਾਂ ਬਾਅਦ ਸ਼ਹਿਰ ਨੂੰ 7ਵਾਂ ਅਤੇ ਨਵਾਂ ਮੇਅਰ ਮਿਲਣ ਜਾ ਰਿਹਾ ਹੈ, ਜਿਸ ਦੀ ਚੋਣ ਸਥਾਨਕ ਰੈੱਡ ਕਰਾਸ ਭਵਨ ਵਿਚ ਸ਼ਨੀਵਾਰ ਬਾਅਦ ਦੁਪਹਿਰ 3 ਵਜੇ ਹੋਣ ਵਾਲੀ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਕੀਤੀ ਜਾਵੇਗੀ। ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸਾਰੀਆਂ ਤਿਆਰੀਆਂ ਨੂੰ ਅੰਜਾਮ ਦੇ ਦਿੱਤਾ ਹੈ। ਮੇਅਰ ਦੀ ਚੋਣ ਸਬੰਧੀ ਸਮਾਰੋਹ ਸਖ਼ਤ ਪ੍ਰਬੰਧਾਂ ਵਿਚਕਾਰ ਹੋਵੇਗਾ, ਜਿਸ ਲਈ ਰੈੱਡ ਕਰਾਸ ਭਵਨ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਜਾਵੇਗੀ। ਜਿਸ ਹਾਲ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੌਂਸਲਰਾਂ ਵੱਲੋਂ ਕੀਤੀ ਜਾਣੀ ਹੈ, ਉਥੇ ਨਵੇਂ ਚੁਣੇ ਕੌਂਸਲਰਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਵੀ ਨਹੀਂ ਜਾ ਸਕਣਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੀਡੀਆ ਨੂੰ ਵੀ ਹਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਮੀਡੀਆ ਕਰਮਚਾਰੀਆਂ ਲਈ ਬਾਹਰ ਟੈਂਟ ਲਾ ਕੇ ਅਤੇ ਵੱਡੀ ਸਕ੍ਰੀਨ ਜ਼ਰੀਏ ਪੂਰੀ ਪ੍ਰਕਿਰਿਆ ਦਿਖਾਈ ਜਾਵੇਗੀ। ਕੌਂਸਲਰਪਤੀਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਲਈ ਵੀ ਬਾਹਰ ਹੀ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।