ਜ਼ੀਰਕਪੁਰ : ਜ਼ੀਰਕਪੁਰ-ਮੋਹਾਲੀ ਰੋਡ ’ਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸਵਿਫਟ ਡਿਜ਼ਾਇਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਨਾਲ ਨੌਜਵਾਨ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕਾਰ ਨੰਬਰ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਕੁਰੜੀ, ਆਈ. ਟੀ. ਸਿਟੀ ਮੋਹਾਲੀ ਵਜੋਂ ਹੋਈ ਹੈ। ਉਹ ਨਿੱਜੀ ਅਦਾਰੇ ’ਚ ਪੜ੍ਹਾਈ ਕਰ ਰਿਹਾ ਸੀ।
ਐੱਸ. ਐੱਚ. ਓ. ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਕਾਰ ਨੰਬਰ ਦੇ ਆਧਾਰ ’ਤੇ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਹਰਨੇਕ ਸਿੰਘ ਵਾਸੀ ਪਿੰਡ ਕੁਰੜੀ ਆਈ. ਟੀ. ਸਿਟੀ ਮੋਹਾਲੀ ਨੇ ਸ਼ਿਕਾਇਤ ’ਚ ਦੱਸਿਆ ਕਿ ਐਤਵਾਰ ਨੂੰ ਬੇਟਾ ਜਸਪ੍ਰੀਤ ਮੋਟਰਸਾਈਕਲ ’ਤੇ ਘਰ ਤੋਂ ਗਿਆ ਸੀ। ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਉਸ ਨੂੰ ਫੋਨ ਕੀਤਾ ਤਾਂ ਕਿਸੇ ਹੋਰ ਵਿਅਕਤੀ ਨੇ ਚੁੱਕਿਆ। ਉਸ ਨੇ ਦੱਸਿਆ ਕਿ ਜਸਪ੍ਰੀਤ ਨੂੰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਇਲਾਜ ਲਈ ਵੀ. ਆਈ. ਪੀ. ਰੋਡ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਸਪ੍ਰੀਤ ਦੇ ਪਿਤਾ ਹਰਨੇਕ ਹਸਪਤਾਲ ਪਹੁੰਚੇ, ਜਿਸ ਤੋਂ ਬਾਅਦ ਰੈਫਰ ਕਰਵਾ ਕੇ ਮੋਹਾਲੀ ਹਸਪਤਾਲ ’ਚ ਦਾਖ਼ਲ ਕਰਵਾਇਆ ਪਰ ਬੁੱਧਵਾਰ ਸਵੇਰੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।