ਛੋਟੇ ਬੱਚਿਆਂ ਦੀ ਪ੍ਰਤਿਭਾ ਦੇਖ ਮਾਪਿਆਂ ਦੇ ਚਿਹਰੇ ਖਿੜੇ
ਖਰੜ- ਸਥਾਨਕ ਸ਼ਿਵਾਲਿਕ ਸਿਟੀ ਸੈਕਟਰ-127 ਵਿਖੇ ਸਥਿਤ ਲਰਨਿੰਗ ਲਿਟਲ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ। ਛੋਟੇ ਬੱਚਿਆਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਸਕੂਲ ਦੇ ਬਾਹਰ ਇੱਕ ਵਿਸ਼ੇਸ਼ ਸਟੇਜ ਦਾ ਪ੍ਰਬੰਧ ਕੀਤਾ ਗਿਆ ।ਇਸ ਸਮਾਗਮ ਵਿੱਚ ਸੇਵਾਮੁਕਤ ਆਮਦਨ ਕਰ ਅਧਿਕਾਰੀ ਸਰਦਾਰ ਕਲਿਆਣ ਸਿੰਘ ਅਤੇ ਸੁਰਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਪ੍ਰਬੰਧਕ ਪ੍ਰਭਜੀਤ ਕੌਰ ਨੇ ਸਭ ਤੋਂ ਪਹਿਲਾਂ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ, ਪ੍ਰੀ-ਨਰਸਰੀ ਤੋਂ ਲੈ ਕੇ ਯੂਕੇਜੀ ਤੱਕ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਨੇ ਵਾਤਾਵਰਣ ਸੁਰੱਖਿਆ, ਸਮਾਜਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤੇ। ਬੱਚਿਆਂ ਵਲੋਂ ਪੰਜਾਬੀ ਗੀਤਾਂ ਤੇ ਪੇਸ਼ ਕੀਤਾ ਗਿਆ ਡਾਂਸ ਸ਼ਲਾਘਾਯੋਗ ਰਿਹਾ। ਬੱਚਿਆਂ ਦੀ ਪ੍ਰਤਿਭਾ ਦੇਖ ਮਾਪਿਆਂ ਦੇ ਚਿਹਰੇ ਵੀ ਖਿੜ ਉੱਠੇ। ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸ਼ਰਨਜੀਤ ਕੌਰ ਅਤੇ ਮੈਨੇਜਰ ਪ੍ਰਭਜੀਤ ਕੌਰ ਨੇ ਕਿਹਾ ਕਿ ਲਰਨਿੰਗ ਲਿਟਲ ਸਕੂਲ ਦਾ ਉਦੇਸ਼ ਬੱਚਿਆਂ ਚ ਸਨੇਹ ਅਤੇ ਸਿੱਖਣ ਦੀ ਭਾਵਨਾ ਪੈਦਾ ਕਰਨਾ ਹੈ ਅਤੇ ਇਸ ਉਦੇਸ਼ ਨਾਲ ਸਕੂਲ ਅੱਗੇ ਵਧ ਰਿਹਾ ਹੈ ਅਤੇ ਬੱਚੇ ਇੱਥੋਂ ਸਿੱਖ ਕੇ ਅੱਗੇ ਵਧ ਰਹੇ ਨੇ।
ਪ੍ਰੋਗਰਾਮ ਦੇ ਅੰਤ ਵਿੱਚ, ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਸੇਵਾਮੁਕਤ ਆਮਦਨ ਕਰ ਅਧਿਕਾਰੀ ਸੁਰਿੰਦਰ ਕੌਰ, ਸਕੂਲ ਪ੍ਰਿੰਸੀਪਲ ਸ਼ਰਨਜੀਤ ਕੌਰ, ਮੈਨੇਜਰ ਪ੍ਰਭਜੀਤ ਕੌਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਮੈਡਲ ਦੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਪ੍ਰੀਤੀ ਜੋਸ਼ੀ, ਅਮਨ ਕੌਰ, ਰਿਚਾ ਸ਼ਰਮਾ, ਵੰਦਨਾ ਠਾਕੁਰ, ਪ੍ਰਮਜੀਤ ਕੌਰ ਨੂੰ ਵੀ ਉਨ੍ਹਾਂ ਦੀ ਚੰਗੀ ਕਾਰਜਸ਼ੈਲੀ ਲਈ ਸਨਮਾਨਿਤ ਕੀਤਾ ਗਿਆ।

