ਜੰਮੂ-ਕਸ਼ਮੀਰ ’ਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਸਾਂਬਾ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨੇੜੇ ਫ਼ੌਜ ਨੇ ਗਲਤੀ ਨਾਲ ਆਪਣੇ ਹੀ ਰਸੋਈਏ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ 36 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਦੇ ਵਾਸੀ ਵਾਸੂਦੇਵ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰੀਗਲ ਸਰਹੱਦੀ ਚੌਂਕੀ ਖੇਤਰ ’ਚ ਵਾਪਰੀ। ਵਾਸੂਦੇਵ ਸਰਹੱਦੀ ਖੇਤਰ ਵਿੱਚ ਕਿਸੇ ਉਸਾਰੀ ਦੇ ਕੰਮ ਦੌਰਾਨ ਕੰਪਨੀ ਵਿੱਚ ਰਸੋਈਏ ਦਾ ਕੰਮ ਕਰ ਰਿਹਾ ਸੀ। ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਦੋਂ ਵਾਸੂਦੇਵ ਦੇਰ ਰਾਤ ਨੂੰ ਪਖਾਨੇ ਲਈ ਜਾਣ ਲਈ ਤੰਬੂ ਤੋਂ ਬਾਹਰ ਨਿਕਲਿਆ ਤਾਂ ਬੀਐੱਸਐੱਫ ਜਵਾਨਾਂ ਨੇ ਇਸ ਨੂੰ ਸ਼ੱਕੀ ਗਤੀਵਿਧੀ ਸਮਝਿਆ। ਇਸ ਦੌਰਾਨ ਜਵਾਨਾਂ ਨੇ ਗੋਲੀ ਚਲਾ ਦਿੱਤੀ। ਜਿਸ ਕਾਰਨ ਵਾਸੂਦੇਵ ਦੀ ਮੌਤ ਹੋ ਗਈ। ਵਾਸੂਦੇਵ ਦੇ ਸਾਥੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਤੰਬੂ ਤੋਂ ਬਾਹਰ ਪਖਾਨੇ ਲਈ ਗਿਆ ਸੀ।