ਤਰਨਤਾਰਨ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨੇੜਲੇ ਪਿੰਡ ਸਕਰੀ ਦੀ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਰਸ਼ਦੀਪ ਸਿੰਘ ਵੱਜੋ ਹੋਈ ਹੈ ਜੋ ਕਿ ਖਵਾਸਪੁਰ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿੰਨ੍ਹਾਂ ਵੱਲੋਂ ਲਾਸ਼ ਦੀ ਪਹਿਚਾਣ ਕਰਵਾ ਕੇ ਪੋਸਟਮਾਰਟਮ ਲਈ ਹਸਪਤਾਲ ’ਚ ਭੇਜ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਨੌਜਵਾਨ ਪਿੰਡ ਖਵਾਸਪੁਰ ਤੋਂ ਪਿਛਲੇ ਦਿਨੀਂ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ।
ਜਾਣਕਾਰੀ ਮੁਤਾਬਕ ਅਰਸ਼ਦੀਪ ਸਿੰਘ ਕੁੱਝ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਮੇਲਾ ਦੇਖਣ ਗਿਆ, ਪਰ ਵਾਪਸ ਘਰ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਲਾਪਤਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਦੀ ਲਾਸ ਅੱਜ ਨਹਿਰ ’ਚੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਅਰਸ਼ਦੀਪ ਸਿੰਘ ਚਾਰ ਦਿਨ ਪਹਿਲਾਂ ਪਿੰਡ ਖਵਾਸਪੁਰ ਤੋਂ ਆਪਣੇ ਦੋਸਤਾਂ ਨਾਲ ਪਿੰਡ ਵੈਈਪੂਈ ’ਚ ਮੇਲਾ ਵੇਖਣ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਨੌਜਵਾਨ ਦੀ ਭਾਲ ਕੀਤੀ ਗਈ ਪਰ ਜਦੋਂ ਅਰਸ਼ਦੀਪ ਨਾ ਲੱਭਿਆ ਤਾਂ ਪਰਿਵਾਰ ਵੱਲੋਂ ਪੁਲਿਸ ਚੌਕੀ ’ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।