ਜੰਮੂ- ਜੰਮੂ-ਕਸ਼ਮੀਰ ਵਿਚ ਇਕ ਦੁਖਦ ਹਾਦਸਾ ਵਾਪਰ ਗਿਆ। ਮਾਤਾ ਵੈਸ਼ਨੋ ਦੇਵੀ ਦੇ ਆਧਾਰ ਕੈਂਪ ਕਟੜਾ ਤੋਂ ਜੰਮੂ ਆ ਰਹੀ ਇਕ ਸਲੀਪਰ ਬੱਸ ਸ਼ਨੀਵਾਰ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਨਗਰੋਟਾ ਕੋਲ ਮਾਂਡਾ ਇਲਾਕੇ ‘ਚ ਤਿੱਖੇ ਮੋੜ ‘ਤੇ ਬੱਸ ਬੇਕਾਬੂ ਹੋ ਕੇ 30 ਫੁੱਟ ਡੂੰਘੀ ਖੱਡ ਵਿਚ ਡਿੱਗ ਗਈ। ਇਸ ਭਿਆਨਕ ਹਾਦਸੇ ਵਿਚ ਬੱਸ ਡਰਾਈਵਰ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਬੱਸ ‘ਚ ਸਵਾਰ 17 ਸਵਾਰੀਆਂ ਜ਼ਖਮੀ ਹੋ ਗਈਆਂ। ਇਨ੍ਹਾਂ ‘ਚੋਂ ਤਿੰਨ ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਕਿਵੇਂ ਵਾਪਰਿਆ ਹਾਦਸਾ?
ਰਿਪੋਰਟਾਂ ਮੁਤਾਬਕ ਬੱਸ ਦੇ ਡਰਾਈਵਰ ਨੇ ਇਕ ਮੋੜ ‘ਤੇ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸਿੱਧੀ ਖੱਡ ‘ਚ ਡਿੱਗ ਗਈ। ਹਾਦਸੇ ਮਗਰੋਂ ਬੱਸ ‘ਚ ਚੀਕ-ਪੁਕਾਰ ਮਚ ਗਈ। ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਬਚਾਅ ਕੰਮ ਤੁਰੰਤ ਸ਼ੁਰੂ ਕੀਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਹਾਲਾਂਕਿ ਡਰਾਈਵਰ ਬੱਸ ਵਿਚ ਹੀ ਫਸਿਆ ਰਿਹਾ ਅਤੇ ਉਸ ਦੀ ਬਾਅਦ ਵਿਚ ਮੌਤ ਹੋ ਗਈ। ਬੱਸ ਵਿਚ ਕੁੱਲ 19 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਹਨ।