ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੋਦੀ ਸਰਕਾਰ 3.0 ਦਾ ਬਜਟ ਪੇਸ਼ ਕੀਤਾ ਗਿਆ। ਕੇਂਦਰ ਦੇ ਇਸ ਬਜਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਕੇਂਦਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ ਹੈ। ਦਰਅਸਲ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਹਮੇਸ਼ਾ ਤੋਂ ਹੀ ਪੰਜਾਬ ਨਾਲ ਵਿਤਕਰਾ ਕਰਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਭਾਜਪਾ ਦੀ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।
ਖਜਾਨਾ ਮੰਤਰੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਅਤੇ ਬਿਹਾਰ ਦੀ ਤਰ੍ਹਾਂ ਪੰਜਾਬ ਨੂੰ ਵੀ ਕੁੱਝ ਵਿਸ਼ੇਸ਼ ਪੈਕੇਜ਼ ਦਿੱਤਾ ਜਾਂਦਾ ਹੈ, ਪਰ ਇਸ ਵਾਰ ਪੰਜਾਬ ਨੂੰ ਭਾਜਪਾ ਦੇ ਬਜਟ ’ਚ ਕੁੱਝ ਵੀ ਨਹੀਂ ਦਿੱਤਾ ਗਿਆ। ਨਾ ਤਾਂ ਬਜਟ ‘ਚ ਸਿੱਖਿਆ ਦਾ ਜ਼ਿਕਰ ਹੈ ਤੇ ਨਾ ਹੀ ਕਿਤੇ ਸਿਹਤ ਦਾ ਅਤੇ ਨਾ ਹੀ ਪੰਜਾਬ ਨੂੰ ਕੋਈ ਵੱਡਾ ਉਦਯੋਗ ਦਿੱਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਨਾਲ ਵਿਤਕਰਾ ਕੀਤਾ ਹੈ ਤੇ ਹਮੇਸ਼ਾ ਹੀ ਪੰਜਾਬ ਵਿਰੋਧੀ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬਜਟ ਵੀ ਪੰਜਾਬ ਵਿਰੋਧੀ ਹੈ। ਜਿਸ ਨੇ ਪੰਜਾਬ ਨੂੰ ਨਿਰਾਸ਼ ਕੀਤਾ ਹੈ।