ਬਾਬਾ ਬਕਾਲਾ ਸਾਹਿਬ – ਆਪਣੀ ਹੀ 6 ਸਾਲਾ ਮਾਸੂਮ ਧੀ ਨਾਲ ਜਬਰ-ਜ਼ਿਨਾਹ ਕਰਕੇ ਉਸਦਾ ਕਤਲ ਕਰਨ ਵਾਲੇ ਪਿਓ ਨੂੰ ਮਾਨਯੋਗ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੋਸ਼ੀ ਦੀ ਪਤਨੀ ਰਮਨਦੀਪ ਕੌਰ ਨੇ ਦੱਸਿਆ ਕਿ ਉਸਦਾ ਪਤੀ ਰਾਜਗਿਰੀ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਅਕਸਰ ਹੀ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਰਕੇ ਉਹ ਘਰ ਵਿਚ ਕੁੜੀ ਕਲੇਸ਼ ਰੱਖਦਾ ਸੀ ਅਤੇ ਉਸਦੀ ਕੁੱਟਮਾਰ ਵੀ ਕਰਦਾ ਸੀ।
ਪਤਨੀ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ, ਕਿ ਬੀਤੇ ਸਮੇਂ ਦੌਰਾਨ ਉਸਦੇ ਪਤੀ ਨੇ ਮੌਕਾ ਦੇਖਦੇ ਹੋਏ ਆਪਣੀ 6 ਸਾਲਾ ਮਾਸੂਮ ਧੀ ਨਾਲ ਜਬਰ-ਜ਼ਿਨਾਹ ਕਰਕੇ ਉਸਦਾ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨੂੰ ਇਕ ਦਰੱਖਤ ਦੇ ਨਾਲ ਲਟਕਾ ਦਿੱਤਾ। ਸੰਨ 2020 ਤੋਂ ਚੱਲ ਰਹੇ ਇਸ ਸਬੰਧੀ ਕੇਸ ਦੀ ਸੁਣਵਾਈ ਕਰਦਿਆਂ ਅੰਮ੍ਰਿਤਸਰ ਦੀ ਪੋਸਕੋ ਫਾਸਟ ਟਰੈਕ ਵੱਲੋਂ ਸਬੂਤਾਂ ਦੇ ਅਧਾਰ ‘ਤੇ ਉਸਦੇ ਪਤੀ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਦਿੱਤਾ ਹੈ ਅਤੇ ਡੇਢ ਲੱਖ ਰੁਪੈ ਜੁਰਮਾਨਾ ਵੀ ਕੀਤਾ ਹੈ। ਰਮਨਦੀਪ ਕੌਰ ਨੇ ਭਾਵੇਂ ਮੰਨਿਆ ਹੈ ਕਿ ਉਸਨੂੰ ਇਨਸਾਫ ਮਿਲਿਆ ਹੈ, ਪਰ ਨਾਲ ਹੀ ਉਸਨੇ ਮੰਗ ਕੀਤੀ ਹੈ ਕਿ ਦੇਸ਼ ਅੰਦਰ ਅਜਿਹਾ ਕਾਨੂੰਨ ਬਨਣਾ ਚਾਹੀਦਾ ਹੈ, ਕਿ ਜੇਕਰ ਕਿਧਰੇ ਪਰਿਵਾਰਕ ਜਾਂ ਜਨਤਕ ਤੌਰ `ਤੇ ਅਜਿਹੀ ਘਟਨਾ ਵਾਪਰੀ ਹੈ ਅਤੇ ਦੋਸ਼ ਸਿੱਧ ਹੋ ਜਾਂਦੇ ਹਨ ਤਾਂ ਦੋਸ਼ੀ ਨੂੰ ਮੌਕੇ `ਤੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।