ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ਼ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹੋਸਟਲ ਦੇ ਇੱਕ ਕਮਰੇਂ ’ਚੋਂ ਸ਼ੱਕੀ ਹਾਲਾਤਾਂ ’ਚ ਇੱਕ ਵਿਦਿਆਰਥਣ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ 30 ਸਾਲਾਂ ਸੁਭਾਸ਼ਨੀ ਵੱਜੋਂ ਹੋਈ ਹੈ ਜੋ ਕਿ ਚੇਨਈ ਦੀ ਰਹਿਣ ਵਾਲੀ ਸੀ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਸੁਭਾਸ਼ਨੀ ਐਨਸਥੀਸੀਆ ਦੀ ਵਿਭਾਗ ਦੀ ਵਿਦਿਆਰਥਣ ਸੀ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ’ਤੇ ਪਹੁੰਚੇ ਪੁਲਿਸ ਚੌਂਕੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦੀ ਸੂਚਨਾ ਮਿਲਦੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਮੁੱਢਲ਼ੀ ਜਾਂਚ ਮੁਤਾਬਕ ਵਿਦਿਆਰਥਣ ਸ਼ੁੱਕਰਵਾਰ ਦੀ ਰਾਤ ਹੋਸਟਲ ਦੇ ਕਮਰੇ ’ਚ ਦਾਖਲ ਹੋਈ, ਪਰ ਅਗਲੇ ਦਿਨ ਸ਼ਨਿੱਚਰਵਾਰ ਨੂੰ ਕਮਰੇਂ ’ਚੋਂ ਬਾਹਰ ਨਹੀਂ ਆਈ ਤੇ ਕਮਰਾ ਅੰਦਰੋ ਬੰਦ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸਾਥੀ ਵਿਦਿਆਰਥਣਾਂ ਵੱਲੋਂ ਇਸ ਦੀ ਸੂਚਨਾ ਵਾਰਡਨ ਨੂੰ ਦਿੱਤੀ ਗਈ, ਜਦੋਂ ਵਾਰਡਨ ਨੇ ਦਰਵਾਜ਼ਾ ਖੋਲਿਆ ਤਾਂ ਕਮਰੇ ਅੰਦਰ ਸੁਭਾਸ਼ਨੀ ਬੇਸੁੱਧ ਪਈ ਸੀ। ਇਸ ਤੋਂ ਬਾਅਦ ਤੁਰੰਤ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਫਿਲਹਾਲ ਪੁਲਿਸ ਅਧਿਕਾਰੀਆਂ ਵੱਲੋਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਚੇਨੱਈ ਤੋਂ ਰਵਾਨਾ ਹੋ ਚੁੱਕੇ ਹਨ ਅਤੇ ਐਤਵਾਰ ਨੂੰ ਪਟਿਆਲਾ ਪਹੁੰਚਣਗੇ। ਪਰਿਵਾਰ ਦੇ ਆਉਣ ਤੋਂ ਬਾਅਦ ਹੀ ਅਧਿਕਾਰੀਆਂ ਵੱਲੋਂ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਹੈ।