ਪਟਿਆਲਾ : ਪੰਜਾਬ ‘ਚ ਉਸ ਸਮੇਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਦੋਂ ਸਟੇਜ ‘ਤੇ ਭੰਗੜਾ ਪਾਉਂਦੇ ਇਕ ਨੌਜਵਾਨ ਮੁੰਡੇ ਦੀ ਅਚਾਨਕ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਛਾਣ ਬੱਬੂ ਵਜੋਂ ਹੋਈ ਹੈ, ਜੋ ਕਿ ਰਾਜਪੁਰਾ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਉਸ ਦੇ ਸਾਥੀ ਕਲਾਕਾਰਾਂ ਨੇ ਦੱਸਿਆ ਕਿ ਪਟਿਆਲਾ ਦੇ ਰਾਜਪੁਰਾ ਸਥਿਤ ਬੇਦੀ ਫਾਰਮ ‘ਚ ਵਿਆਹ ਸਮਾਰੋਹ ਚੱਲ ਰਿਹਾ ਸੀ ਅਤੇ ਬੱਬੂ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੀ ਭੰਗੜਾ ਪਾਰਟੀ ਨਾਲ ਕੰਮ ਕਰ ਰਿਹਾ ਸੀ। ਹੁਣ ਵੀ ਉਹ ਸਟੇਜ ‘ਤੇ ਆਪਣੀ ਪਰਫਾਰਮੈਂਸ ਦੇਣ ਆਇਆ ਸੀ ਪਰ ਅਚਾਨਕ ਉਸ ਦੀ ਮੌਤ ਹੋ ਗਈ।
ਸਾਥੀ ਕਲਾਕਾਰਾਂ ਨੇ ਦੱਸਿਆ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਬੀਮਾਰੀ ਜਾਂ ਕੋਈ ਹੋਰ ਦਿੱਕਤ ਨਹੀਂ ਸੀ। ਇਸ ਘਟਨਾ ਦੀ ਕਰੀਬ 20 ਸੈਕਿੰਡਾਂ ਦੀ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਭੰਗੜਾ ਪਾਰਟੀ ਦੇ ਮੈਂਬਰ ਸਟੇਜ ‘ਤੇ ਭੰਗੜਾ ਪਾ ਰਹੇ ਸਨ। ਉਹ ਇਕ ਪੰਜਾਬੀ ਗਾਣੇ ‘ਤੇ ਨੱਚ ਰਹੇ ਸਨ ਕਿ ਅਚਾਨਕ ਭੰਗੜਾ ਪਾਉਂਦਾ ਇਕ ਨੌਜਵਾਨ ਮੁੰਡਾ ਬੱਬੂ ਗਸ਼ ਖਾ ਕੇ ਡਿੱਗ ਗਿਆ। ਉਸ ਦੇ ਡਿੱਗਦੇ ਹੀ ਬਾਕੀ ਕਲਾਕਾਰਾਂ ਨੇ ਨੱਚਣਾ ਬੰਦ ਕਰ ਦਿੱਤਾ ਅਤੇ ਉਸ ਵੱਲ ਦੌੜੇ।
। ਉਹ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਅਤੇ ਵੱਡੀ ਗਿਣਤੀ ‘ਚ ਲੋਕ ਸਟੇਜ ‘ਤੇ ਇਕੱਠੇ ਹੋ ਗਏ। ਲੋਕਾਂ ਨੇ ਪਾਣੀ ਦੇ ਛਿੱਟੇ ਮਾਰ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਉੱਠਿਆ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ, ਹਾਲਾਂਕਿ ਇਸ ਦੀ ਕੋਈ ਡਾਕਟਰੀ ਰਿਪੋਰਟ ਸਾਹਮਣੇ ਨਹੀਂ ਆਈ ਹੈ।