ਵਾਇਨਾਡ —ਕੇਰਲ ਦੇ ਵਾਇਨਾਡ ਜ਼ਿਲ੍ਹੇ ‘ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 132 ਹੋ ਗਈ ਹੈ ਅਤੇ 200 ਤੋਂ ਵੱਧ ਜ਼ਖ਼ਮੀ ਹੋਏ ਹਨ। ਬਚਾਅ ਕਰਮੀ ਮਲਬੇ ‘ਚ ਦੱਬੇ ਲੋਕਾਂ ਦੀ ਭਾਲ ‘ਚ ਜੁਟੇ ਹਨ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਮੀਨ ਖਿਸਕਣ ਤੋਂ ਬਾਅਦ ਮੁੰਡਕੱਈ ਅਤੇ ਚੂਰਲਮਾਲਾ ਇਲਾਕਿਆਂ ‘ਚ 180 ਤੋਂ ਵੱਧ ਲੋਕ ਲਾਪਤਾ ਹਨ ਅਤੇ 300 ਤੋਂ ਵੱਧ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ।
ਫ਼ੌਜ, ਜਲ ਸੈਨਾ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੇ ਬਚਾਅ ਦਲ ਮਲਬੇ ‘ਚ ਦੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਜ਼ਮੀਨ ਖਿਸਕਣ ਦੀਆਂ ਘਟਨਾਵਾਂ ਮੰਗਲਵਾਰ ਤੜਕੇ 2 ਵਜੇ ਤੋਂ ਚਾਰ ਵਜੇ ਦਰਮਿਆਨ ਹੋਈਆਂ, ਜਿਸ ਕਾਰਨ ਆਪਣੇ ਘਰਾਂ ‘ਚ ਸੌਂ ਰਹੇ ਲੋਕਾਂ ਨੂੰ ਬਚਣ ਦਾ ਮੌਕਾ ਨਹੀਂ ਮਿਲ ਸਕਿਆ। ਵਾਇਨਾਡ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਗਲਵਾਰ ਦੇਰ ਰਾਤ ਜਾਰੀ ਅੰਕੜਿਆਂ ਅਨੁਸਾਰ, ਨੀਲਮਬੁਰ ਅਤੇ ਮੇਪੱਡੀ ਤੋਂ ਕਰੀਬ 30 ਮਨੁੱਖੀ ਅੰਗ ਵੀ ਬਰਾਮਦ ਕੀਤੇ ਗਏ ਹਨ।