ਮਨੀਲਾ: ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਇੱਕ ਭਿਆਨਕ ਸਮੁੰਦਰੀ ਹਾਦਸਾ ਵਾਪਰਿਆ ਹੈ, ਜਿੱਥੇ ਮੁਸਾਫਰਾਂ ਨਾਲ ਭਰਿਆ ਇੱਕ ਵਿਸ਼ਾਲ ਜਹਾਜ਼ (ਫੈਰੀ) ਡੁੱਬਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਸਬੰਧਤ ਕੰਪਨੀ ਦੇ ਸਾਰੇ ਸਮੁੰਦਰੀ ਜਹਾਜ਼ਾਂ ਦੇ ਸੰਚਾਲਣ ‘ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਹੈ।ਜਾਣਕਾਰੀ ਮੁਤਾਬਕ ‘M/V Trisha Kerstin 3’ ਨਾਮਕ ਇਹ ਜਹਾਜ਼ ਜ਼ੈਂਬੋਆੰਗਾ ਸ਼ਹਿਰ ਤੋਂ ਜੋਲੋ ਟਾਪੂ ਵੱਲ ਜਾ ਰਿਹਾ ਸੀ। ਰਸਤੇ ਵਿੱਚ ਬਾਸੀਲਾਨ ਸੂਬੇ ਦੇ ਨੇੜੇ ਸਮੁੰਦਰੀ ਜਹਾਜ਼ ਅਚਾਨਕ ਇੱਕ ਪਾਸੇ ਨੂੰ ਝੁਕ ਗਿਆ ਅਤੇ ਸਮੁੰਦਰ ਵਿੱਚ ਡੁੱਬ ਗਿਆ। ਜਹਾਜ਼ ਵਿੱਚ 317 ਮੁਸਾਫਰ ਅਤੇ 27 ਚਾਲਕ ਦਲ ਦੇ ਮੈਂਬਰ ਸਵਾਰ ਸਨ।ਹੁਣ ਤੱਕ 316 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਹਾਜ਼ ਦੇ ਕਪਤਾਨ ਸਮੇਤ 10 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਜਲ ਸੈਨਾ ਅਤੇ ਕੋਸਟ ਗਾਰਡ ਦੀਆਂ ਟੀਮਾਂ ਤਾਇਨਾਤ ਹਨ। ਮਰਨ ਵਾਲਿਆਂ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।ਫਿਲੀਪੀਨਜ਼ ਦੇ ਟ੍ਰਾਂਸਪੋਰਟ ਸਕੱਤਰ ਜਿਓਵਨੀ ਲੋਪੇਜ਼ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ‘ਐਲੇਸਨ ਸ਼ਿਪਿੰਗ ਲਾਈਨਜ਼’ ਦਾ ਸੀ। ਇਸ ਕੰਪਨੀ ਦੇ ਜਹਾਜ਼ਾਂ ਨਾਲ 2019 ਤੋਂ ਹੁਣ ਤੱਕ 32 ਸੁਰੱਖਿਆ ਸਬੰਧੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਕਾਰਨ ਸਰਕਾਰ ਨੇ ਕੰਪਨੀ ਦੇ ਪੂਰੇ ਬੇੜੇ (Fleet) ਨੂੰ ਰੋਕ ਦਿੱਤਾ ਹੈ ਤਾਂ ਜੋ ਇਨ੍ਹਾਂ ਦੀ ਜਾਂਚ ਕੀਤੀ ਜਾ ਸਕੇ।

