ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ BMTC ਬੱਸ ਦੇ ਇਕ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਰਾਤ ਕਰੀਬ 11 ਵਜੇ ਵਾਪਰੀ। ਡਰਾਈਵਰ ਆਪਣੇ ਆਖਰੀ ਰੂਟ ‘ਤੇ ਨੇਲਮੰਗਲਾ ਤੋਂ ਦਾਸਨਪੁਰਾ ਜਾ ਰਿਹਾ ਸੀ। 40 ਸਾਲਾ ਡਰਾਈਵਰ ਦਾ ਨਾਂ ਕਿਰਨ ਕੁਮਾਰ ਸੀ। ਦੱਸ ਦੇਈਏ ਕਿ ਮੌਤ ਦੀ ਇਹ ਘਟਨਾ ਬੱਸ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਮਾਰ ਅਚਾਨਕ ਅੱਗੇ ਨੂੰ ਝੁਕਿਆ ਅਤੇ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਪਿਆ।
ਇਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਬੀਐੱਮਟੀਸੀ ਦੀ ਇੱਕ ਹੋਰ ਬੱਸ ਨਾਲ ਟਕਰਾ ਗਈ। ਬੱਸ ਕੰਡਕਟਰ ਓਬਲੇਸ਼ ਨੇ ਤੁਰੰਤ ਬੱਸ ਨੂੰ ਕਾਬੂ ਕਰ ਲਿਆ। ਉਸ ਨੇ ਬੱਸ ਰੋਕ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਓਬਲੇਸ਼ ਕੁਮਾਰ ਨੂੰ ਨੇੜਲੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸੜਕ ਦੇ ਇੱਕ ਪਾਸੇ ਝੁਕੀ ਹੋਈ ਸੀ। ਬੀਐੱਮਟੀਸੀ ਦੀ ਇੱਕ ਹੋਰ ਬੱਸ ਵੀ ਇਸ ਦੀ ਲਪੇਟ ਵਿੱਚ ਆ ਗਈ। ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਹੀ ਓਬਲੇਸ਼ ਨੇ ਬੱਸ ਨੂੰ ਤੁਰੰਤ ਰੋਕ ਲਿਆ।